ਪੰਜਾਬ ਸਰਕਾਰ ਵੱਲੋਂ 10.69 ਕਰੋੜ ਰੁਪਏ ਨਾਲ ਮਹਾਰਾਜਾ ਅਜ ਸਰੋਵਰ ਨੂੰ ਸੈਰ ਸਪਾਟਾ ਸਥਾਨ ਵਜੋਂ ਕੀਤਾ ਜਾ ਰਿਹਾ ਵਿਕਸਿਤ : ਅਨਮੋਲ ਗਗਨ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸੈਰ ਸਪਾਟੇ ਲਈ ਸੈਲਾਨੀਆਂ ਦੀ ਪਹਿਲੀ ਪਸੰਦ ਹੋਵੇਗਾ

Punjab government is upgrading Maharaja Ajj Sarovar as a tourist spot with Rs 10.69 crore : Anmol Gagan Mann

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਸੈਰ ਸਪਾਟਾ ਸਥਾਨ ਵੱਜੋਂ ਵਿਕਸਿਤ ਕਰਨ ਅਤੇ ਸੂਬੇ ਨੂੰ ਸੈਲਾਨੀਆਂ ਦੀ ਪਹਿਲੀ ਪਸੰਦ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਤਹਿਤ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਐਸ .ਏ.ਐਸ ਨਗਰ ਦੇ ਹਲਕਾ ਖਰੜ ਵਿੱਚ ਸਥਿਤ ਮਹਾਰਾਜਾ ਅਜ ਸਰੋਵਰ ਦਾ ਇੱਕ ਮਸ਼ਹੂਰ ਸੈਰ ਸਪਾਟਾ ਸਥਾਨ ਵਜੋਂ ਵਿਕਸ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸਿਕਾਇਤ ਨਿਵਾਰਣ ਮੰਤਰੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੂਬੇ 'ਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬ ਨੂੰ ਸੈਲਾਨੀਆਂ ਦੀ ਪਹਿਲੀ ਪਸੰਦ ਬਨਾਉਣ ਲਈ ਰਾਜ ਦੀਆਂ ਇਤਿਹਾਸਕ ਵਿਰਾਸਤਾਂ ਦੀ ਸਾਂਭ- ਸੰਭਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਖਰੜ ਵਿਖੇ ਸਥਿਤ ਮਹਾਰਾਜਾ ਅਜ ਸਰੋਵਰ ਨੂੰ 10.69 ਕਰੋਡ਼ ਰੁਪਏ ਨਾਲ ਪ੍ਰਸਿੱਧ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।  ਇਸ ਸਥਾਨ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਮਹਾਰਾਜਾ ਅਜ ਸਰੋਵਰ ਦਾ ਸਬੰਧ ਭਗਵਾਨ ਰਾਮ ਦੇ ਪੂਰਵਜਾਂ ਨਾਲ ਰਿਹਾ ਹੈ ਅਤੇ ਇਸ ਸਰੋਵਰ ਦਾ ਨਾਮ ਭਗਵਾਨ ਰਾਮ ਜੀ ਦੇ ਦਾਦਾ ਮਹਾਰਾਜਾ ਅਜ ਦੇ ਨਾਮ ਨਾਲ ਸਬੰਧਤ ਹੈ।  ਮੰਤਰੀ ਨੇ ਕਿਹਾ ਕਿ ਸਰੋਵਰ ਨੂੰ ਇਸ ਦੀ ਧਾਰਮਿਕ ਮਹੱਤਤਾ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਵੀਨੀਕਰਨ ਤੋਂ ਬਾਅਦ ਇਹ ਸਥਾਨ ਪੰਜਾਬ ਦੇ ਪ੍ਰਸਿੱਧ ਸੈਰ ਸਪਾਟਾ ਸਥਾਨ ਵਜੋਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਜਾਵੇਗਾ।

ਇਸ ਤੋਂ ਇਲਾਵਾ ਮੰਤਰੀ ਨੇ ਦੱਸਿਆ ਕਿ ਮਹਾਰਾਜਾ ਅਜ ਸਰੋਵਰ ਦੇ ਵਿਕਾਸ 'ਚ ਸਰੋਵਰ ਦੇ ਆਲੇ-ਦੁਆਲੇ ਦੀਵਾਰਾਂ ਦੀ ਉਸਾਰੀ, ਸਰੋਵਰ ਦੇ ਆਲੇ-ਦੁਆਲੇ ਪੱਥਰ ਲਗਾਉਣਾ, ਸਰੋਵਰ ਦੇ ਆਲੇ-ਦੁਆਲੇ ਫੁੱਟਪਾਥ ਦਾ ਨਿਰਮਾਣ, ਰੈਸਟੋਰੈਂਟ ਦੀ ਉਸਾਰੀ, ਪਾਰਕਿੰਗ ਦੀ ਉਸਾਰੀ.ਅਤੇ ਸ਼੍ਰੀ ਰਾਮ ਭਗਵਾਨ ਦੇ ਬੁੱਤ ਦੀ ਸਥਾਪਨਾ ਤੋਂ ਇਲਾਵਾ ਹੋਰ ਲੋੜੀਂਦੇ ਕੰਮ ਕੀਤੇ ਜਾਣੇ ਸ਼ਾਮਲ ਹਨ।

ਮੰਤਰੀ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।  ਉਨ੍ਹਾਂ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਸੂਬੇ ਦਾ ਹੋਰ ਵਿਕਾਸ ਹੋ ਸਕੇ।