ਨਾਨੀ ਦੇ ਜਨਮ ਦਿਨ 'ਤੇ ਦੋਹਤੇ ਨੇ ਦਿੱਤੀ ਰੂਹ ਕੰਬਾਊ ਮੌਤ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਜਲੰਧਰ : ਜਲੰਧਰ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਅਸਮਾਨਪੁਰ ਵਿੱਚ ਦੋਹਤੇ ਨੇ ਆਪਣੀ ਨਾਨੀ ਦੇ ਜਨਮ ਦਿਨ ਵਾਲੇ ਦਿਨ ਉਸਦਾ ਕਤਲ ਕਰ ਦਿੱਤਾ। ਧੀ ਮਾਂ ਦੇ ਲਈ ਕੇਕ ਲੈ ਕੇ ਆਈ ਸੀ ਤੇ ਜਦੋਂ ਮਾਂ ਨੂੰ ਇਸ ਹਾਲਾਤ ਵਿਚ ਵੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਤ ਗਈ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸਦਰ ਦੀ ਪੁਲਿਸ ਨੂੰ ਬਿਆਨ ਦਿੰਦਿਆਂ ਆਪਣੇ ਬੇਟੇ ਅਤੇ ਉਸਦੇ 2 ਹੋਰ ਅਣਪਛਾਤੇ ਸਾਥੀਆਂ ’ਤੇ ਮਾਂ ਨੇ ਆਈ. ਪੀ. ਸੀ. ਦੀ ਧਾਰਾ 302 ਦਾ ਕੇਸ ਦਰਜ ਕਰਵਾ ਦਿੱਤਾ।
ਮ੍ਰਿਤਕ ਦੀ ਪਹਿਚਾਣ 73 ਸਾਲਾ ਵਿਜੇ ਛਾਬੜਾ ਪਤਨੀ ਸਵ. ਹਰਮੋਹਿੰਦਰਪਾਲ ਛਾਬੜਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਸਮੇਂ ਵਿਜੇ ਛਾਬੜਾ ਇਕੱਲੀ ਹੀ ਘਰ ਵਿਚ ਮੌਜੂਦ ਸੀ। ਮੁਲਜ਼ਮ ਰਕਸ਼ੈ ਦੀ ਮਾਂ ਪ੍ਰਤਿਮਾ ਵਾਸੀ 140, ਬਾਰਾਦਰੀ ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਵਰਕਸ਼ਾਪ ਵਿਚ ਅਧਿਕਾਰੀ ਵਜੋਂ ਡਿਊਟੀ ਕਰਦੀ ਹੈ। ਉਸਦਾ ਬੇਟਾ ਰਕਸ਼ੈ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਣ ਕਾਰਨ ਘਰ ਨਹੀਂ ਆਉਂਦਾ। ਪੈਸਿਆਂ ਦੀ ਮੰਗ ਨੂੰ ਲੈ ਕੇ ਉਹ ਕਈ ਵਾਰ ਆਪਣੀ ਨਾਨੀ ਕੋਲ ਜਾ ਕੇ ਉਸਨੂੰ ਤੰਗ ਕਰਦਾ ਸੀ।
ਪ੍ਰਤਿਮਾ ਨੇ ਦੱਸਿਆ ਕਿ ਅੱਜ ਉਸਦੀ ਮਾਂ ਵਿਜੇ ਛਾਬੜਾ ਦਾ ਜਨਮ ਦਿਨ ਸੀ, ਜਿਸ ਕਾਰਨ ਉਹ ਆਪਣੀ ਡਿਊਟੀ ਖ਼ਤਮ ਕਰਨ ਤੋਂ ਬਾਅਦ ਮਾਂ ਦੇ ਘਰ ਪਿੰਡ ਅਸਮਾਨਪੁਰ ਵਿਚ ਆ ਗਈ ਅਤੇ ਦੇਖਿਆ ਕਿ ਉਸਦਾ ਬੇਟਾ ਰਕਸ਼ੈ ਘਰ 'ਚੋਂ ਨਿਕਲ ਰਿਹਾ ਸੀ ਅਤੇ ਜਦੋਂ ਉਸਨੇ ਉਸਨੂੰ ਆਵਾਜ਼ ਲਗਾਈ ਤਾਂ ਉਹ ਆਪਣੇ 2 ਹੋਰ ਸਾਥੀਆਂ ਨਾਲ ਬਾਈਕ ’ਤੇ ਫ਼ਰਾਰ ਹੋ ਗਿਆ।
ਉਸ ਨੇ ਕਿਹਾ ਕਿ ਰਕਸ਼ੈ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਨਾਨੀ ਨੂੰ ਮੌਤ ਦੇ ਘਾਟ ਉਤਾਰਿਆ ਹੈ। ਹੁਣ ਤੱਕ ਕੀਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਵਿਜੇ ਛਾਬੜਾ ਦਾ ਕਤਲ ਸ਼ਾਲ ਨਾਲ ਗਲਾ ਘੁੱਟ ਕੇ ਕੀਤਾ ਗਿਆ ਹੈ। ਸਿਰਹਾਣੇ ਨਾਲ ਮੂੰਹ ਵੀ ਦਬਾਇਆ ਹੋਇਆ ਲੱਗਦਾ ਹੈ। ਕਤਲ ਕਿਵੇਂ ਕੀਤਾ ਗਿਆ ਹੈ, ਇਸਦਾ ਪੂਰਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਕੀਤਾ ਜਾਵੇਗਾ।