Mohali News: ਬਹੁ-ਮੰਜ਼ਿਲਾ ਇਮਾਰਤ ਢਹਿਣ ਵਾਲੀ ਥਾਂ ਤੋਂ ਇਕ ਹੋਰ ਲਾਸ਼ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News: ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 2

Another body was recovered from multi-storied building collapse mohali news

ਮੋਹਾਲੀ ਵਿਚ ਸ਼ਨੀਵਾਰ ਸ਼ਾਮ ਨੂੰ ਢਹਿ ਢੇਰੀ ਹੋਈ ਬਹੁਮੰਜ਼ਿਲਾ ਇਮਾਰਤ ਵਿੱਚੋਂ ਐਤਵਾਰ ਸਵੇਰੇ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਕਰੀਬ 18 ਘੰਟਿਆਂ ਤੋਂ ਚੱਲ ਰਹੇ ਬਚਾਅ ਕਾਰਜ ਵਿਚ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਲਈ ਇਹ ਦੂਜੀ ਸਫ਼ਲਤਾ ਮਿਲੀ ਹੈ। ਇਸ ਤੋਂ ਪਹਿਲਾਂ ਰਾਤ ਨੂੰ ਇਕ ਲੜਕੀ ਨੂੰ ਬਚਾਇਆ ਗਿਆ ਸੀ ਜੋ ਜ਼ਿੰਦਾ ਸੀ। ਹਾਲਾਂਕਿ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਜਿਸ ਦੀ ਪਹਿਚਾਣ ਸ਼ਿਮਲਾ ਦੀ ਰਹਿਣ ਵਾਲੀ ਦ੍ਰਿਸ਼ਟੀ ਵਜੋਂ ਹੋਈ। 

ਐਨਡੀਆਰਐਫ ਅਧਿਕਾਰੀਆਂ ਮੁਤਾਬਕ 5 ਲੋਕ ਮਲਬੇ ਹੇਠਾਂ ਦੱਬੇ ਗਏ ਹਨ। ਇਨ੍ਹਾਂ ਵਿੱਚ 3 ਲੜਕੇ ਅਤੇ 2 ਲੜਕੀਆਂ ਸਨ। ਅਜੇ ਵੀ 3 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਐਨਡੀਆਰਐਫ ਅਤੇ ਫ਼ੌਜ ਦੀਆਂ ਟੀਮਾਂ ਕੱਲ੍ਹ ਸ਼ਾਮ ਤੋਂ ਸ਼ੁਰੂ ਹੋਏ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਹਨ। ਅੱਜ ਸਵੇਰੇ ਡਾਕਟਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਜਿਸ ਥਾਂ ’ਤੇ ਇਮਾਰਤ ਡਿੱਗੀ ਸੀ, ਉਹ ਥਾਂ ਸੀਵਰੇਜ ਦੇ ਪਾਣੀ ਨਾਲ ਭਰ ਗਈ ਹੈ, ਜਿਸ ਕਾਰਨ ਮਲਬੇ ਹੇਠ ਦੱਬੇ ਲੋਕਾਂ ਦੇ ਬਚਣ ਦੀ ਉਮੀਦ ਘੱਟ ਹੈ।

ਹਾਦਸੇ 'ਚ ਬਚੇ ਜਿਮ ਟ੍ਰੇਨਰ ਨੇ ਦੱਸਿਆ ਕਿ ਇਮਾਰਤ ਦੀ 3 ਮੰਜ਼ਿਲ 'ਤੇ ਜਿੰਮ ਸੀ ਅਤੇ ਬਾਕੀ 2 ਮੰਜ਼ਿਲਾਂ 'ਤੇ ਲੋਕ ਕਿਰਾਏ 'ਤੇ ਰਹਿੰਦੇ ਸਨ। ਰਾਤ ਨੂੰ ਇਕ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ 'ਤੇ ਪਹੁੰਚੀ ਸੀ। ਉਸ ਦਾ ਪਤੀ ਅਭਿਸ਼ੇਕ ਇੱਥੇ ਜਿੰਮ ਲਗਾਉਣ ਆਇਆ ਸੀ। ਹਾਦਸੇ ਦੇ ਬਾਅਦ ਤੋਂ ਉਸ ਦਾ ਫ਼ੋਨ ਬੰਦ ਆ ਰਿਹਾ ਸੀ। ਸਵੇਰੇ ਬਰਾਮਦ ਹੋਈ ਲਾਸ਼ ਅਭਿਸ਼ੇਕ ਦੀ ਹੈ।

ਅਭਿਸ਼ੇਕ ਦਾ ਪਰਿਵਾਰ ਅੰਬਾਲਾ ਦਾ ਰਹਿਣ ਵਾਲਾ ਸੀ। ਉਸ ਦਾ ਪਰਿਵਾਰ ਕੱਲ੍ਹ ਸ਼ਾਮ ਹੀ ਇੱਥੇ ਆਇਆ ਸੀ। ਅੱਜ ਅਭਿਸ਼ੇਕ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ।