ਪੰਜਾਬ ’ਚ ਰੱਦ ਹੋਈ ਮਿਊਂਸਪਲ ਚੋਣ, ਭਲਕੇ ਹੋਵੇਗੀ ਵੋਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਾਰਤੀ ਅਨਸਰਾਂ ਨੇ ਵੋਟਿੰਗ ਵਿਚ ਵਿਘਨ ਪਾਉਂਦਿਆਂ ਤੋੜ ਦਿਤੀ ਸੀ ਈਵੀਐਮ

Municipal election canceled in Punjab, voting will be held tomorrow

ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤੀ ਚੋਣਾਂ ਹੋਈਆਂ ਸਨ ਤੇ ਸ਼ਾਮ ਨੂੰ ਹੀ ਨਤੀਜੇ ਐਲਾਨ ਦਿਤੇ ਗਏ ਸਨ। ਇਸ ਦੌਰਾਨ ਮਿਊਂਸਿਪਲ ਕੌਂਸਲ ਖੰਨਾ ਦੇ ਵਾਰਡ ਨੰਬਰ 2 ਦੀ ਚੋਣ ਰੱਦ ਕਰ ਦਿਤੀ ਗਈ ਸੀ। ਇੱਥੇ ਭਲਕੇ ਮੁੜ ਤੋਂ ਵੋਟਿੰਗ ਹੋਵੇਗੀ।

ਇਸ ਸਬੰਧੀ ਪੰਜਾਬ ਦੇ ਰਾਜ ਚੋਣ ਕਮਿਸ਼ਨ ਨੇ ਲਿਖਤੀ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਖੰਨਾ ਦੇ ਵਾਰਡ ਨੰਬਰ 2 ਵਿਚ ਬੀਤੇ ਦਿਨੀਂ ਵੋਟਿੰਗ ਦੌਰਾਨ ਭਾਰੀ ਹੰਗਾਮਾ ਹੋਇਆ ਸੀ। ਇਸ ਦੌਰਾਨ ਕਿਸੇ ਸ਼ਰਾਰਤੀ ਅਨਸਰ ਨੇ ਬੂਥ ’ਚ ਈਵੀਐਮ ਮਸ਼ੀਨ ਤੋੜ ਦਿਤੀ ਸੀ।

ਇਸ ਵਾਰਡ ਦੇ ਨਤੀਜੇ ਲਈ ਸਾਰੀ ਰਾਤ ਭਾਰੀ ਹੰਗਾਮਾ ਹੁੰਦਾ ਰਿਹਾ ਜੋ ਐਤਵਾਰ ਸਵੇਰ ਤਕ ਜਾਰੀ ਰਿਹਾ। ਇਸ ਵਿਚਾਲੇ ਟੁੱਟੀ ਹੋਈ ਈਵੀਐਮ ਮਸ਼ੀਨ ਚੋਣ ਕਮਿਸ਼ਨ ਨੂੰ ਭੇਜ ਦਿਤੀ ਸੀ।  ਹੁਣ ਚੋਣ ਕਮਿਸ਼ਨ ਨੇ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 ਦੀ ਚੋਣ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ 23 ਦਸੰਬਰ ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤਕ ਵੋਟਿੰਗ ਹੋਵੇਗੀ। ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕਰ ਦਿਤੀਆਂ ਗਈਆਂ ਹਨ।