ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ’ਚ ਬੰਬ ਧਮਾਕਿਆਂ ਦੇ ਮਾਮਲੇ ਨੂੰ ਗ੍ਰਹਿ ਮੰਤਰੀ ਕੋਲ ਚੁਕਿਆ, NIA ਜਾਂਚ ਦੀ ਮੰਗ ਕੀਤੀ

ਏਜੰਸੀ

ਖ਼ਬਰਾਂ, ਪੰਜਾਬ

19 ਦਸੰਬਰ, 2024 ਨੂੰ ਲਿਖੀ ਇਸ ਚਿੱਠੀ ’ਚ ਇਨ੍ਹਾਂ ਘਟਨਾਵਾਂ ਤੋਂ ਬਾਅਦ ਸਰਹੱਦੀ ਵਸਨੀਕਾਂ ’ਚ ਵਧ ਰਹੀ ਸੁਰੱਖਿਆ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ

Sukhjinder Randhawa

ਚੰਡੀਗੜ੍ਹ : ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰਤ  ਦਖਲ ਦੇਣ ਦੀ ਅਪੀਲ ਕੀਤੀ ਹੈ। 19 ਦਸੰਬਰ, 2024 ਨੂੰ ਲਿਖੀ ਇਸ ਚਿੱਠੀ ’ਚ ਇਨ੍ਹਾਂ ਘਟਨਾਵਾਂ ਤੋਂ ਬਾਅਦ ਸਰਹੱਦੀ ਵਸਨੀਕਾਂ ’ਚ ਵਧ ਰਹੀ ਸੁਰੱਖਿਆ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਹੈ। 

12 ਦਸੰਬਰ, 2024 ਨੂੰ ਬਟਾਲਾ ਪੁਲਿਸ ਜ਼ਿਲ੍ਹੇ ਦੇ ਘਨੀਆਂ-ਕੇ-ਬਾਂਗਰ ਥਾਣੇ ’ਚ ਇਕ  ਵੱਡਾ ਧਮਾਕਾ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਅਤੇ ਕਾਫ਼ੀ ਵਿੱਤੀ ਨੁਕਸਾਨ ਹੋਇਆ ਸੀ। ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਪੁਲਿਸ ਅਦਾਰਿਆਂ ’ਤੇ  ਹੋਰ ਹਮਲੇ ਦੀ ਧਮਕੀ ਦਿਤੀ  ਹੈ। 

ਰੰਧਾਵਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਚਿੱਠੀ ਜਾਰੀ ਕਰਦਿਆਂ ਇਨ੍ਹਾਂ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਲਈ ਕੌਮੀ  ਜਾਂਚ ਏਜੰਸੀ (ਐਨ.ਆਈ.ਏ.) ਦੀ ਮਹੱਤਵਪੂਰਨ ਭੂਮਿਕਾ ’ਤੇ  ਜ਼ੋਰ ਦਿਤਾ। ਚਿੱਠੀ ’ਚ ਇਨ੍ਹਾਂ ਮਾਮਲਿਆਂ ਦੀ ਵਿਸਫੋਟਕ ਪਦਾਰਥ ਐਕਟ, 1908 ਅਤੇ ਅਤਿਵਾਦ ਨਾਲ ਜੁੜੇ ਹੋਰ ਕਾਨੂੰਨਾਂ ਤਹਿਤ ਜਾਂਚ ਕਰਨ ਲਈ ਐਨ.ਆਈ.ਏ. ਨੂੰ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਐਨ.ਆਈ.ਏ. ਦੀ ਮੁਹਾਰਤ ਅਤੇ ਸਰੋਤ ਮਹੱਤਵਪੂਰਨ ਹਨ, ਜਿਸ ਨਾਲ ਕੌਮੀ  ਸੁਰੱਖਿਆ ਦੀ ਰੱਖਿਆ ਕੀਤੀ ਜਾ ਸਕਦੀ ਹੈ।