ਜ਼ਿਲ੍ਹੇ ਦਾ 60 ਫ਼ੀ ਸਦੀ ਹਿੱਸਾ ਰੇਲ ਸਹੂਲਤਾਂ ਤੋਂ ਵਾਂਝਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪਟਿਆਲਾ ਮਾਲਵੇ ਦੇ ਕਰੀਬ 6-7 ਜ਼ਿਲ੍ਹਿਆਂ ਦਾ ਸਿਹਤ ਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਰਿਹਾ ਹੈ......

Patiala

ਪਟਿਆਲਾ  : ਜ਼ਿਲ੍ਹਾ ਪਟਿਆਲਾ ਮਾਲਵੇ ਦੇ ਕਰੀਬ 6-7 ਜ਼ਿਲ੍ਹਿਆਂ ਦਾ ਸਿਹਤ ਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਰਿਹਾ ਹੈ, ਜਿਸਦੇ ਅੰਦਰ ਲਗਭਗ ਸਭ ਪ੍ਰਮੁੱਖ ਸਹੂਲਤਾਂ ਉਪਲੱਬਧ ਹਨ ਪਰ ਰੇਲਵੇ ਪੱਖੋਂ ਪਟਿਆਲਾ ਤੇ ਇਸਦੇ ਨੇੜਲੇ ਇਲਾਕੇ ਦੇ ਲੋਕ ਅੰਬਾਲਾ ਕੈਂਟ ਤੇ ਹੀ ਨਿਰਭਰ ਹਨ। ਇਥੋਂ ਲੰਬੇ ਸਮੇਂ ਤੋਂ ਰੇਲਵੇ ਦੇ ਵਿਕਾਸ ਲਈ ਕੋਈ ਪਹਿਲਕਦਮੀ ਨਹੀਂ ਹੋਈ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਜਿਲ੍ਹੇ ਦਾ ਕਰੀਬ 60 ਫੀਸਦੀ ਹਿੱਸਾ ਰੇਲ ਸਹੂਲਤਾਂ ਤੋਂ ਵਾਂਝਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਜਾਰਤ 'ਚ ਪਵਨ ਕੁਮਾਰ ਬਾਂਸਲ ਰੇਲ ਮੰਤਰੀ ਬਣਾਇਆ ਗਿਆ,

ਪਰ ਉਨ੍ਹਾਂ ਦਾ ਕਾਰਜਕਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦੇ ਬਹੁਤ ਘੱਟ ਸਮਾਂ ਰਿਹਾ, ਜਿਸ ਕਾਰਨ ਉਹ ਪੰਜਾਬ ਲਈ ਆਪਣੇ ਕੀਤੇ ਐਲਾਨਾ ਸਬੰਧੀ ਬਹੁਤਾ ਕੁੱਝ ਨਹੀਂ ਕਰ ਸਕੇ। ਬਾਂਸਲ ਦੇ ਰੇਲਵੇ ਬਜ਼ਟ 2013 ਦੇ ਭਾਸ਼ਣ ਵਿੱਚ ਪਟਿਆਲਾ ਜਿਲ੍ਹੇ ਲਈ ਪਟਿਆਲਾ-ਜਾਖਲ ਵਾਇਆ ਸਮਾਣਾ, ਪਾਤੜਾਂ, ਪਟਿਆਲਾ-ਪਹੇਵਾ ਵਾਇਆ ਦੇਵੀਗੜ੍ਹ ਨਵੀਂਆਂ ਰੇਲਵੇ ਲਾਇਨਾਂ ਕੱਢਣ ਦਾ ਐਲਾਨ ਹੋਇਆ ਸੀ। ਪਟਿਆਲਾ-ਪਹੇਵਾ ਰੂਟ ਜੋ ਕਿ ਦੇਵੀਗੜ੍ਹ ਰਾਹੀਂ ਜਾਣਾ ਸੀ, ਇਹ ਸਰਕਾਰ ਦੇ ਧਾਰਮਿਕ ਮਹੱਤਵ ਦੇ ਰੂਟਾ ਵਿੱਚ ਸ਼ੁਮਾਰ ਸੀ ਪਰ ਰੇਲਵੇ ਨੂੰ ਇਸ ਵਿੱਚ ਵਿੱਤੀ ਤੌਰ 'ਤੇ ਕੋਈ ਫਾਇਦਾ ਨਜ਼ਰ ਨਹੀਂ ਆਇਆ ਤੇ ਇਸ 'ਤੇ ਕੰਮ ਬੰਦ ਹੋ ਗਿਆ,

ਜਦੋਂ ਕਿ ਪਟਿਆਲਾ-ਜਾਖਲ ਰੂਟ 'ਤੇ ਭਾਖੜਾ ਨਹਿਰ ਦੇ ਨਾਲ ਨਾਲ ਲਾਇਨ ਦੀ ਯੋਜਨਾ ਬਣੀ ਸੀ ਪਰ ਉਸ 'ਤੇ ਕੰਮ ਕਿਓ ਤੇ ਕਿਸੇ ਦੇ ਕਹਿਣ 'ਤੇ ਰੁਕਿਆ, ਰੇਲਵੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਹ ਖੇਤਰ ਅਨਾਜ਼ ਦੀ ਪੈਦਾਵਾਰ ਕਰਨ ਵਿੱਚ ਮੋਹਰੀ ਹੈ ਤੇ ਇਸ ਦੇ ਢੋਅ-ਢੁਆਈ ਲਈ ਇਸ ਵਿਚਲੇ ਸ਼ਹਿਰ ਪਟਿਆਲਾ ਜਾਂ ਜਾਖਲ 'ਤੇ ਨਿਰਭਰ ਹਨ, ਨਵੀਂ ਲਾਇਨ ਪੈਣ ਨਾਲ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਜਿਥੇ ਆਉਣ ਜਾਣ ਲਈ ਵੱਡਾ ਸੁੱਖਾ ਹੋਣਾ ਸੀ, ਉਥੇ ਹੀ ਢੋਆ ਢੂਆਈ ਦੀਆਂ ਵਪਾਰਕ ਗਤੀਵਿਧੀਆਂ ਨਾਲ ਆਰਥਿਕ ਤੌਰ 'ਤੇ ਵੀ ਵੱਡਾ ਮੁਨਾਫਾ ਇਸ ਖੇਤਰ ਨੂੰ ਹੋਣਾ ਸੀ

ਪਰ ਕਮਜ਼ੋਰ ਪੈਰਵੀ ਤੇ ਰੇਲਵੇ ਦੀ ਅਣਦੇਖੀ ਇਨ੍ਹਾਂ ਖੇਤਰਾਂ ਲਈ ਸ਼ਰਾਪ ਬਣ ਗਈ। ਮੌਜੂਦਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਭਾਜਪਾ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਢਿੱਲੋਂ ਰਾਜਪੁਰਾ ਤੋਂ ਮੋਹਾਲੀ ਰੇਲ ਲਿੰਕ ਜੋੜਨ ਲਈ ਪਿਛਲੇ 4 ਸਾਲਾਂ ਤੋਂ ਯਤਨਸ਼ੀਲ ਹਨ ਪਰ ਉਥੇ ਵੀ ਕਿਸੇ ਕਿਸਮ ਦੀ ਕੋਈ ਪ੍ਰਗਤੀ ਨਜ਼ਰ ਨਹੀਂ ਆਉਂਦੀ। ਲਾਇਨ ਦੇ ਦੋਹਰੀਕਰਨ ਅਤੇ ਬਿਜਲੀਕਰਨ ਦਾ ਕੰਮ ਪਹਿਲਾਂ ਕਿਹੜਾ ਹੋਵੇ ਦੇ ਫੈਸਲੇ ਵਿੱਚ ਉਲਝਿਆ ਰਿਹਾ ਪਰ ਕੇਂਦਰ ਸਰਕਾਰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕੰਮ ਹੋਇਆ ਦਿਖਾਉਣਾ ਚਾਹੁੰਦੀ ਹੈ ਕਾਰਨ ਬਿਜਲੀਕਰਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ

ਜੋ ਕਿ ਰਾਜਪੁਰਾ ਤੀ ਨਾਭਾ ਤੱਕ ਮਾਰਚ ਤੱਕ ਪੂਰਾ ਕਰ ਲੈਣ ਦੀ ਸੰਭਾਵਨਾ ਹੈ। ਇਸ ਕੰਮ ਵਿਚਲੀ ਤੇਜੀ ਦਾ ਇਕ ਕਾਰਨ ਇਥੋਂ ਦੇ ਡੀ.ਐਮ.ਡਬਲਿਊ ਕਾਰਖਾਨੇ ਦਾ ਹੋਣਾ ਵੀ ਹੈ। ਇਹ ਕਾਰਖਾਨਾ ਹੁਣ ਡੀਜ਼ਲ ਇੰਜਣ ਦੀ ਥਾਂ ਬਿਜਲਈ ਇੰਜਣ ਬਨਾਉਣ ਲੱਗ ਪਿਆ ਹੈ ਤੇ ਇਥੇ ਤਿਆਰ ਇੰਜਣਾਂ ਦੀ ਟੈਸਟਿੰਗ ਲਈ, ਇੰਜਣ ਨੂੰ ਅੰਬਾਲਾ ਆਦਿ ਲੈਜਾਣਾ ਪੈਂਦਾ ਹੈ। ਇਸ ਲਾਇਨ ਦੇ ਬਿਜਲਈਕਰਨ ਤੋਂ ਬਾਅਦ ਇਹ ਟੈਸਟਿੰਗ ਇਥੇ ਹੀ ਸੰਭਵ ਹੋ ਜਾਵੇਗੀ, ਜਿਸ ਨਾਲ ਰੇਲਵੇ ਨੂੰ ਸਮਾਂ ਅਤੇ ਪੈਸੇ ਦੋਵਾਂ ਦੀ ਬਚਤ ਹੋਵੇਗੀ, ਜਦੋਂ ਕਿ ਦੋਹਰੀਕਰਨ ਦਾ ਕੰਮ ਫਿਲਹਾਲ ਟਾਲ ਦਿੱਤਾ ਗਿਆ ਹੈ।

ਇਲਾਕੇ ਦੇ ਲੋਕ ਮੁੱਖ ਮੰਤਰੀ ਦਾ ਸ਼ਹਿਰ ਅਤੇ ਜਿਲ੍ਹਾ ਹੋਣ ਕਾਰਨ ਊਮੀਦ ਰੱਖਦੇ ਹਨ ਕਿ ਸਰਕਾਰ ਹੁਣੇ ਤੋਂ ਪੈਰਵੀ ਕਰੇ, ਜਿਸ ਨਾਲ ਇਥੇ ਰੇਲਵੇ ਦਾ ਵੀ ਵਿਕਾਸ ਕਰਵਾਇਆ ਜਾ ਸਕੇ। ਮਹਾਰਾਣੀ ਪ੍ਰਨੀਤ ਕੌਰ ਜੋ ਆਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਹਨ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਪਹਿਲਾਂ ਕੀਤੀ ਆਪਣੀ ਮਿਹਨਤ ਲਈ ਇਕ ਵਾਰ ਫਿਰ ਕੇਂਦਰ ਸਰਕਾਰ ਨਾਲ ਪੱਤਰਾਚਾਰ ਕਰਕੇ ਰੁਕੇ ਕੰਮਾਂ ਨੂੰ ਸ਼ੁਰੂ ਕਰਵਾਉਣ ਅਤੇ ਸ਼ੁਰੁ ਹੋਏ ਕੰਮਾਂ ਵਿੱਚ ਤੇਜੀ ਲਿਆਉਣ ਲਈ ਆਪਣੀ ਪੈਣੀ ਨਜ਼ਰ ਬਣਾ ਕੇ ਰੱਖਣ। ਰੇਲਵੇ ਦੇ ਵਿਕਾਸ ਨਾਲ ਜਿਲ੍ਹੇ ਦੇ ਵਿਕਾਸ ਦੀ ਵੱਡੀ ਊਮੀਦ ਜਗੇਗੀ, ਅਜਿਹੀ ਸੰਭਾਵਨਾ ਹੋਣਾ ਸੁਭਾਵਿਕ ਹੀ ਹੈ।