ਅੰਸ਼ੁਲ ਛਤਰਪਤੀ ਨੇ ਸਿਆਸਤਦਾਨਾਂ ਸਣੇ ਮੀਡੀਆ ਨੂੰ ਵੀ ਰਗੜੇ ਲਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਡਰ ਪੱਤਰਕਾਰ ਮਰਹੂਮ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਹਰਿਆਣਾ 'ਚ ਪਿਛਲੇ ਡੇਢ ਦਹਾਕੇ ਦੌਰਾਨ ਰਹੀਆਂ ਕਾਂਗਰਸ, ਇਨੈਲੋ ਅਤੇ ਬੀਜੇਪੀ ਸਰਕਾਰਾਂ.....

Anshul Chhatrapati

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਨਿਡਰ ਪੱਤਰਕਾਰ ਮਰਹੂਮ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਹਰਿਆਣਾ 'ਚ ਪਿਛਲੇ ਡੇਢ ਦਹਾਕੇ ਦੌਰਾਨ ਰਹੀਆਂ ਕਾਂਗਰਸ, ਇਨੈਲੋ ਅਤੇ ਬੀਜੇਪੀ ਸਰਕਾਰਾਂ ਨੂੰ ਰੱਜ ਕੇ ਰਗੜੇ ਲਾਏ। ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿਸ਼ੇਸ਼ ਸੱਦੇ 'ਤੇ ਅਪਣੀ ਭੈਣ ਸ਼੍ਰੇਆਸ਼ੀ ਛੱਤਰਪਤੀ ਨਾਲ ਇਥੇ ਮੀਡੀਆ ਨੂੰ ਰੂਬਰੂ ਹੋਏ ਅੰਸ਼ੁਲ ਛਤਰਪਤੀ ਨੇ ਸਿਆਸਤਦਾਨਾਂ ਸਣੇ ਮੀਡੀਆ ਨੂੰ ਵੀ ਖ਼ੂਬ ਰਗੜੇ ਲਾਏ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਿਆਸਤਦਾਨ ਅਤੇ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ  ਨਾਲ 'ਹਮਦਰਦੀ' ਜ਼ਰੂਰ ਵਿਖਾਈ ਪਰ ਇਨਸਾਫ਼ ਪ੍ਰਾਪਤੀ 'ਚ ਖ਼ੂਬ ਅੜਿੱਕੇ ਵੀ ਡਾਹੇ।

ਮੀਡੀਆ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ 25 ਅਗੱਸਤ 2017 ਨੂੰ ਸੌਦਾ ਸਾਧ ਨੂੰ ਬਲਾਤਕਾਰ ਕੇਸ 'ਚ ਦੋਸ਼ੀ ਕਰਾਰ ਦਿਤਾ ਗਿਆ ਹੋਣ ਤਕ ਮੀਡੀਆ ਦਾ ਬਹੁਤ ਵੱਡਾ ਹਿੱਸਾ ਉਸ ਪ੍ਰਤੀ ਸਤਕਾਰ ਵਾਲੀ ਪਹੁੰਚ ਰਖਦਾ ਰਿਹਾ। ਅੰਸ਼ੁਲ ਨੇ ਕਿਹਾ ਕਿ ਸਾਡੇ ਈਮਾਨ ਨੂੰ ਡੇਰੇ  ਦੇ ਲੋਕ ਖ਼ਰੀਦ ਨਹੀਂ  ਸਕੇ। ਉਨ੍ਹਾਂ ਘਟਨਾਕ੍ਰਮ ਚੇਤੇ ਕਰਦਿਆਂ ਦਸਿਆ ਕਿ ਮਈ 2002 ਵਿਚ ਗੁਮਨਾਮ ਚਿੱਠੀ ਆਈ ਜਿਸ ਵਿਚ ਡੇਰੇ ਵਿਚ ਸਾਧਵੀਆਂ  ਨਾਲ ਜੋ ਹੋ ਰਿਹਾ ਸੀ, ਉਸ ਬਾਰੇ ਲਿਖਿਆ ਸੀ।  ਇਸ ਪੱਤਰ ਨੂੰ ਜਦੋਂ ਅਖ਼ਬਾਰ ਵਿਚ ਛਾਪਿਆ ਗਿਆ ਤਾਂ ਇਸ ਤੋਂ  ਬਾਅਦ ਧਮਕੀਆਂ ਵੀ ਮਿਲੀਆ ਪਰ ਉਨ੍ਹਾਂ ਦੇ ਪਿਤਾ ਨੇ ਸਚਾਈ ਦਾ ਪੱਲਾ ਨਹੀਂ ਛਡਿਆ।

24 ਅਕਤੂਬਰ ਨੂੰ ਰਾਮਚੰਦਰ ਛਤਰਪਤੀ ਨੂੰ ਡੇਰੇ ਦੇ ਗੁਰਗਿਆਂ  ਨੇ ਪੰਜ ਗੋਲੀਆਂ ਮਾਰੀਆਂ।  28 ਦਿਨ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ 21 ਨਵੰਬਰ ਨੂੰ ਉਨ੍ਹਾਂ ਨੇ ਦਮ ਤੋੜ ਦਿਤਾ।  ਅੰਸ਼ੁਲ ਛਤਰਪਤੀ ਨੇ ਕਿਹਾ ਕਿ ਨੇਤਾ ਅਤੇ ਸਰਕਾਰਾਂ ਵੀ ਵਿਕ ਗਈਆਂ, ਸਰਕਾਰਾਂ ਡੇਰੇ ਸਾਹਮਣੇ ਸਿਰ ਝੁਕਾਉਂਦੀਆਂ ਰਹੀਆਂ ਜਿਸ ਨਾਲ ਡੇਰੇ ਦੀ ਤਾਕਤ ਵੱਧ ਰਹੀ ਸੀ ਪਰ  ਸਾਡੀ ਸਚਾਈ ਵੀ ਮਜ਼ਬੂਤ ਹੋ ਰਹੀ ਸੀ।

ਮੁੜ ਸ਼ੁਰੂ ਹੋਵੇਗਾ 'ਪੂਰਾ ਸੱਚ': ਛੱਤਰਪਤੀ ਦੀ ਧੀ ਸ਼੍ਰੇਆਸ਼ੀ ਛੱਤਰਪਤੀ ਨੇ 'ਸਪੋਕਸਮੈਨ ਟੀਵੀ' ਨਾਲ ਗੱਲਬਾਤ ਦੌਰਾਨ ਪ੍ਰਗਟਾਵਾ ਕੀਤਾ ਕਿ ਪਿਤਾ ਦੀ ਹਤਿਆ ਮਗਰੋਂ ਬੰਦ ਕਰਨਾ ਪਿਆ ਅਦਾਰਾ 'ਪੂਰਾ ਸੱਚ' ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਤਿਨੋਂ ਭੈਣ ਭਰਾ ਅਪਣੇ ਪਿਤਾ ਦੀ ਨਿਡਰ ਪੱਤਰਕਾਰਤਾ 'ਤੇ ਪਹਿਰਾ ਦੇਣਗੇ।