ਚਾਰ ਪਾਰਟੀਆਂ ਦਾ ਗਠਜੋੜ ਹੋਂਦ ਵਿਚ ਆਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਤੇ ਕਾਂਗਰਸ ਨੂੰ ਟੱਕਰ ਦੇਣ ਦੀ ਕਵਾਇਦ.......

Ranjit Singh Brahmpura

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਟੱਕਰ ਦੇਣ ਲਈ ਪੰਜਾਬ 'ਚ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਚਾਰ ਪਾਰਟੀਆਂ ਦਾ ਗਠਜੋੜ ਹੋਂਦ 'ਚ ਲਿਆਉਣ ਲਈ ਸਹਿਮਤੀ ਬਣ ਗਈ ਹੈ। ਇਸ ਗਠਜੋੜ ਨੇ ਫ਼ੈਸਲਾ ਕੀਤਾ ਹੈ ਕਿ ਨਿਜੀ ਹਿਤਾਂ ਤੋਂ ਉਪਰ ਉਠ ਕੇ ਲੋਕ ਸਭਾ ਚੋਣਾਂ ਇਕੱਠੇ ਹੋ ਕੇ ਲੜੀਆਂ ਜਾਣ। ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ, ਅਕਾਲੀ ਦਲ ਟਕਸਾਲੀ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਲੁਧਿਆਣਾ 'ਚ ਮੀਟਿੰਗ ਹੋਈ।

ਸੰਸਦ ਮੈਂਬਰ ਧਰਮਵੀਰ ਗਾਂਧੀ ਬੇਸ਼ੱਕ ਨਿਜੀ ਕਾਰਨਾਂ ਕਰ ਕੇ ਮੀਟਿੰਗ ਵਿਚ ਪਹੁੰਚ ਨਹੀਂ ਸਕੇ ਪਰ ਉਨ੍ਹਾਂ ਫ਼ੋਨ 'ਤੇ ਸਹਿਮਤੀ ਪ੍ਰਗਟਾਈ ਹੈ। ਸੁਖਪਾਲ ਸਿੰਘ ਖਹਿਰਾ ਅਤੇ ਅਕਾਲੀ ਦਲ ਟਕਸਾਲੀ ਦੇ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉਪਰੋਕਤ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਚੋਣਾਂ ਲੜਨ ਲਈ ਸਹਿਮਤ ਹੋ ਗਈਆਂ ਹਨ। ਅੱਜ ਦੀ ਮੀਟਿੰਗ ਵਿਚ ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ, ਦੋਵੇਂ ਬੈਂਸ ਭਰਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਰਾਜੂ ਸ਼ਾਮਲ ਹੋਏ।

ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜੇ 'ਆਪ' ਵਾਲੇ ਸ਼ਾਮਲ ਨਹੀਂ ਹੋਣਾ ਚਾਹੁੰਦੇ ਤਾਂ ਇਹ ਉਨ੍ਹਾਂ ਦੀ ਮਰਜ਼ੀ ਪਰ ਅਪਣਾ ਗਠਜੋੜ ਜ਼ਰੂਰ ਬਣੇਗਾ। ਇਕ ਵਾਰ ਤਾਂ ਖਹਿਰਾ ਪੰਜਾਬ 'ਚ ਤੀਜੀ ਧਿਰ ਬਣਾਉਣ 'ਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ ਅਤੇ ਸੰਭਾਵਨਾ ਹੈ ਕਿ ਕੁੱਝ ਹੋਰ ਗਠਜੋੜ ਦਾ ਸਾਥ ਦੇ ਸਕਦੇ ਹਨ। ਇਸ ਵਾਰ ਲੋਕ ਸਭਾ ਚੋਣਾਂ 'ਚ ਸਥਿਤੀ ਬੜੀ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ। ਸਾਰੀ ਤਸਵੀਰ ਤਾਂ ਅਜੇ ਆਉਣ ਵਾਲੇ ਦਿਨਾਂ 'ਚ ਸਪੱਸ਼ਟ ਹੋਵੇਗੀ। ਇਹ ਕਹਿਣਾ ਹਾਲੇ ਮੁਸ਼ਕਲ ਹੈ ਕਿ ਇਸ ਗਠਜੋੜ ਵਲੋਂ ਸੀਟਾਂ ਦਾ ਬਟਵਾਰਾ ਵੀ ਸਰਬਸੰਮਤੀ ਨਾਲ ਕਰ ਲਿਆ ਜਾਂਦਾ ਹੈ ਜਾਂ ਨਹੀਂ।

ਜੇ ਗਠਜੋੜ 'ਚ ਖਹਿਰਾ ਤੇ ਬੈਂਸ ਭਰਾ ਤਾਂ ਅਸੀਂ ਨਹੀਂ ਸ਼ਾਮਲ ਹੋਣਾ : ਭਗਵੰਤ ਮਾਨ

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ 'ਆਪ' ਪਾਰਟੀ ਨੂੰ ਗਠਜੋੜ ਵਿਚ ਸ਼ਾਮਲ ਕਰਨ ਦੀ ਗੱਲ ਤੋਰੀ ਤਾਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇ ਪੰਜਾਬ ਦੇ ਹਿਤਾਂ ਲਈ 'ਆਪ' ਨੂੰ ਇਸ ਗਠਜੋੜ ਵਿਚ ਸ਼ਾਮਲ ਕਰਨ ਬਾਰੇ ਸਾਰੇ ਸਹਿਮਤ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਇਸ 'ਤੇ ਬ੍ਰਹਮਪੁਰਾ ਨੇ ਆਪ ਪਾਰਟੀ ਦੇ ਮੈਂਬਰ ਪਾਰਲੀਮੈਂਟ, ਭਗਵੰਤ ਮਾਨ ਨਾਲ  ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਗਠਜੋੜ ਵਿਚ ਸ਼ਾਮਲ ਹੋਣ ਲਈ ਕਿਹਾ

ਪਰ ਭਗਵੰਤ ਮਾਨ ਨੇ ਸਪੱਸ਼ਟ ਕਰ ਦਿਤਾ ਕਿ ਜੇ ਗਠਜੋੜ ਵਿਚ ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾ ਸ਼ਾਮਲ ਹਨ ਤਾਂ 'ਆਪ' ਇਸ ਮੋਰਚੇ ਦਾ ਹਿੱਸਾ ਨਹੀਂ ਬਣ ਸਕਦੀ। ਇਸ ਤਰ੍ਹਾਂ ਦਾ ਜਵਾਬ ਮਿਲਣ 'ਤੇ ਟਕਸਾਲੀ ਆਗੂਆਂ ਨੇ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ ਦੀ ਪ੍ਰਸ਼ੰਸਾ ਕਰਦੇ ਹਨ ਕਿ ਉਨ੍ਹਾਂ ਨੇ ਅਪਣੇ ਨਿਜੀ ਹਿਤਾਂ ਨੂੰ ਪਾਸੇ ਰੱਖ ਕੇ 'ਆਪ' ਪਾਰਟੀ ਨੂੰ ਸ਼ਾਮਲ ਕਰਨ ਦੀ ਸਹਿਮਤੀ ਦੇ ਦਿਤੀ ਪਰ 'ਆਪ' ਪਾਰਟੀ ਦੇ ਆਗੂ ਅਪਣੀ ਹਊਮੈ ਨੂੰ ਪਹਿਲ ਦੇ ਰਹੇ ਹਨ।