ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਨੇ ਪੰਜਾਬ ਕੋਲੋਂ 230 ਕਰੋੜ ਦਾ ਬਜਟ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਉਂਦੀਆਂ ਲੋਕ ਸਭਾ ਚੋਣਾਂ ਵਾਸਤੇ ਚੋਣ ਕਮਿਸ਼ਨ ਨੇ ਜੰਗੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ.........

Dr Karuna Raju

ਚੰਡੀਗੜ੍ਹ : ਆਉਂਦੀਆਂ ਲੋਕ ਸਭਾ ਚੋਣਾਂ ਵਾਸਤੇ ਚੋਣ ਕਮਿਸ਼ਨ ਨੇ ਜੰਗੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ ਅਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸੁਚਾਰੂ ਢੰਗ ਨਾਲ ਵੋਟਾਂ ਦਾ ਕੰਮ ਨੇਪਰੇ ਚਾੜ੍ਹਨ ਵਾਸਤੇ ਪੰਜਾਬ ਸਰਕਾਰ ਕੋਲੋਂ 230 ਕਰੋੜ ਦਾ ਸਪੈਸ਼ਲ ਬਜਟ ਮੰਗਿਆ ਹੈ। 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਦਸਿਆ ਕਿ ਇਸ ਰਕਮ ਵਿਚ 60 ਕਰੋੜ ਕੇਵਲ ਪੁਲਿਸ ਤੇ ਸੁਰੱਖਿਆ ਬਲਾਂ ਦੀ ਤੈਨਾਤੀ, ਗੱਡੀਆਂ, ਪਟਰੌਲ, ਡੀਜ਼ਲ, ਠਹਿਰਨ ਦੇ ਇੰਤਜ਼ਾਮ, ਖਾਣਾ ਪੀਣਾ, ਡਾਕਟਰੀ ਸਹੂਲਤਾਂ, ਟੀ.ਏ., ਡੀ.ਏ. ਅਤੇ ਹੋਰ ਖ਼ਰਚਿਆਂ ਦਾ ਹੈ।

ਕੁਲ ਮਿਲਾ ਕੇ 1,25,000 ਦਾ ਸੁਰੱਖਿਆ ਅਮਲਾ ਤੈਨਾਤ ਹੋਣਾ ਹੈ। ਡਾ. ਰਾਜੂ ਦਾ ਕਹਿਣਾ ਹੈ ਕਿ ਬਾਕੀ 170 ਕਰੋੜ ਵਿਚ ਸਿਵਲ ਸਟਾਫ਼, ਇਲੈਕਟ੍ਰਾਨਿਕ ਮਸ਼ੀਨਾਂ, ਵੀਡੀਉਗ੍ਰਾਫ਼ੀ, ਪੇਪਰ ਛਪਾਈ, ਵੋਟਰ ਲਿਸਟਾਂ, ਬੈਲਟ ਪੇਪਰ, 1,10,000 ਤੋਂ ਵੱਧ ਸਟਾਫ਼ ਦਾ ਟੀ.ਏ ਡੀ.ਏ, ਆਰਜ਼ੀ ਤੇ ਠੇਕੇ 'ਤੇ ਰੱਖੇ ਸਟਾਫ਼ ਵਾਸਤੇ ਤਨਖ਼ਾਹਾਂ ਆਦਿ ਦੇ ਖ਼ਰਚੇ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਪਹਿਲਾਂ ਇਹ 230 ਕਰੋੜ ਦਾ ਬਜਟ ਵਿਧਾਨ ਸਭਾ ਵਿਚ ਪਾਸ ਕਰਵਾ ਕੇ ਹੈੱਡ ਨੰਬਰ 102, 105 ਤੇ 106 ਵਿਚ ਪੰਜਾਬ ਸਰਕਾਰ ਜਮ੍ਹਾਂ ਕਰੇਗੀ ਜਿਥੋਂ ਚੋਣ ਕਮਿਸ਼ਨ ਖ਼ਰਚ ਕਰੇਗਾ।

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਸਾਰਾ ਖ਼ਰਚਾ, ਮਗਰੋਂ, ਕੇਂਦਰ ਸਰਕਾਰ ਦੇਵੇਗੀ। ਡਾ. ਕਰਨਾ ਰਾਜੂ ਨੇ ਇਹ ਵੀ ਦਸਿਆ ਕਿ 2017 ਦੀਆਂ ਅਸੈਂਬਲੀ ਚੋਣਾਂ ਦੇ ਖ਼ਰਚੇ ਵਿਚੋਂ ਅਜੇ ਪੰਜਾਬ ਸਰਕਾਰ ਨੇ 19 ਕਰੋੜ ਬਕਾਇਆ ਦੇਣਾ ਹੈ। ਬੂਥ ਲੈਵਲ ਸਟਾਫ਼ ਦਾ ਮਿਹਨਤਾਨਾ ਅਜੇ ਤਕ ਪੰਜਾਬ ਸਰਕਾਰ ਨੇ ਨਹੀਂ ਦਿਤਾ। ਮੁੱਖ ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਪ੍ਰਿੰਸੀਪਲ ਸਕੱਤਰ, ਵਿੱਤ ਵਿਭਾਗ ਨੇ ਭਰੋਸਾ ਦਿਤਾ ਹੈ ਕਿ ਛੇਤੀ ਹੀ ਇਹ ਬਕਾਇਆ ਰਕਮ ਜਾਰੀ ਕਰ ਦਿਤੀ ਜਾਵੇਗੀ।