ਫ਼ਿਲੌਰ ਪੁਲਸ ਹੱਥ ਲਗੀ ਵੱਡੀ ਸਫ਼ਲਤਾ ਗੈਂਗਸਟਰ ਬੜੌਂਗਾ ਚੜ੍ਹਿਆ ਪੁਲਸ ਦੇ ਹੱਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀ.ਐਸ.ਪੀ ਦਫ਼ਤਰ ਵਿਖੇ ਐਸ.ਐਸ.ਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਦਸਿਆ ਕਿ ਫ਼ਿਲੌਰ ਪੁਲਿਸ ਨੇ ਅੱਪਰਾ ਵਾਸੀ ਰਾਮ......

Police officers during press conference

ਫਿਲੌਰ : ਡੀ.ਐਸ.ਪੀ ਦਫ਼ਤਰ ਵਿਖੇ ਐਸ.ਐਸ.ਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਦਸਿਆ ਕਿ ਫ਼ਿਲੌਰ ਪੁਲਿਸ ਨੇ ਅੱਪਰਾ ਵਾਸੀ ਰਾਮ ਸਰੂਪ ਪੁੱਤਰ ਨੰਦ ਲਾਲ ਦੇ ਕਤਲ ਕੇਸ 'ਚ ਲੋੜੀਂਦਾ ਮੁੱਖ ਦੋਸ਼ੀ ਸਰਬਜੀਤ ਸਿੰਘ ਉਰਫ਼ ਬੜੌਂਗਾ ਪੁੱਤਰ ਸ਼ਿੰਗਾਰਾ ਰਾਮ ਵਾਸੀ ਅੱਪਰਾ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਉਕਤ ਕੇਸ 'ਚ 25 ਸਤੰਬਰ 2018 ਨੂੰ ਐਫਆਈਆਰ ਨੰਬਰ 279 ਤਹਿਤ ਫਿਲੌਰ ਪੁਲਿਸ ਨੇ ਧਾਰਾ 302/120-ਬੀ ਭ.ਦ ਅਤੇ 25/27 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਸੀ। 

ਐਸ.ਐਸ.ਪੀ ਮਾਹਲ ਨੇ ਦਸਿਆ ਕਿ ਪੁਲਸ ਦੀ ਵਿਸ਼ੇਸ਼ ਟੀਮ ਨੇ ਮਿਲ ਕੇ ਬੜੌਂਗੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਸਿਆ ਕਿ ਉਕਤ ਮੁਕੱਦਮੇ ਦੇ 7 ਦੋਸ਼ੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਬੜੌਂਗੇ ਦੀ ਗ੍ਰਿਫ਼ਤਾਰੀ ਪਿੰਡ ਲਸਾੜਾ ਨੇੜਿਉਂ ਕੀਤੀ ਗਈ ਹੈ। ਬੜੌਂਗੇ ਦੇ ਵਿਰੁਧ ਵੱਖ-ਵੱਖ ਥਾਣਿਆਂ ਵਿਚ 15 ਫ਼ੌਜਦਾਰੀ ਕੇਸ ਦਰਜ ਹਨ, ਜਿਨ੍ਹਾਂ ਵਿਚੋਂ 302 ਤੋਂ ਇਲਾਵਾ 307 ਦੇ ਚਾਰ ਅਤੇ ਅਨੇਕਾਂ ਹੋਰ ਮੁਕੱਦਮੇ ਦਰਜ ਹਨ। ਉਨ੍ਹਾਂ ਦਸਿਆ ਕਿ ਬੜੌਂਗਾ 22-23 ਸਾਲ ਦੀ ਉਮਰ ਵਿਚ ਹੀ ਮਾੜੇ ਅਨਸਰਾਂ ਨਾਲ ਮਿਲ ਕੇ ਲੜਾਈ ਝਗੜੇ ਕਰਨ ਲੱਗ ਗਿਆ ਸੀ।

2007 'ਚ ਉਸ ਦੀ ਮ੍ਰਿਤਕ ਰਾਮ ਸਰੂਪ ਨਾਲ ਲੜਾਈ ਹੋਈ ਸੀ ਜਿਸ ਵਿਚ ਉਸ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਰਾਮ ਸਰੂਪ ਨੂੰ ਸੱਟਾਂ ਮਾਰੀਆਂ ਸਨ, ਉਸ ਕੇਸ ਵਿਚ ਵੀ ਬੜੌਂਗਾ ਅਤੇ ਉਸ ਦੇ ਭਰਾ ਚਰਨਜੀਤ ਅਤੇ ਗੋਰੇ ਨੂੰ ਸਜ਼ਾ ਹੋਈ ਸੀ। ਉਸੇ ਰੰਜਿਸ਼ ਦੇ ਚਲਦਿਆਂ 25 ਸਤੰਬਰ 2018 ਨੂੰ ਬੜੌਂਗੇ ਨੇ ਅਪਣੇ ਸਾਥੀਆਂ ਗੁਰਪ੍ਰੀਤ ਸਿੰਘ ਵਾਸੀ ਲਸਾੜਾ, ਬਰਜਿੰਦਰ ਸਿੰਘ ਵਾਸੀ ਲਾਂਦੜਾ, ਰਣਜੀਤ ਸਿੰਘ ਉਰਫ਼ ਜੀਤਾ ਵਾਸੀ ਪਿੰਡ ਤੇਹਿੰਗ, ਹਰਜਿੰਦਰਪਾਲ ਉਰਫ ਹਨੀ ਵਾਸੀ ਪਿੰਡ ਲਾਂਦੜਾ, ਮੰਗਤ ਰਾਮ ਉਰਫ਼ ਜੌਨੀ ਵਾਸੀ ਮਾਛੀਵਾੜਾ, ਧਰਮਿੰਦਰ ਸਿੰਘ ਉਰਫ ਬਿੰਦਾ ਵਾਸੀ ਪਿੰਡ ਕਨੈਲ ਹੁਸ਼ਿਆਰਪੁਰ,

ਰਵੀ ਕੁਮਾਰ ਵਾਸੀ ਪਿੰਡ ਕੋਜਾਬੇਟ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਚਰਾਨ (ਨਵਾਂ ਸ਼ਹਿਰ), ਨੀਰਜ ਕੁਮਰਾ ਵਾਸੀ ਬਸਿਆਲਾ (ਗੜ੍ਹਸ਼ੰਕਰ) ਹੁਸ਼ਿਆਰਪੁਰ ਅਤੇ ਅਨਿਲ ਕੁਮਾਰ ਉਰਫ਼ ਨੀਲੂ ਵਾਸੀ ਪਿੰਡ ਕਲੇਰਾਂ ਨਾਲ ਮਿਲ ਕੇ ਰਾਮ ਸਰੂਪ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿਤਾ ਸੀ ਅਤੇ ਅਪਣੀ ਗ੍ਰਿਫ਼ਤਾਰੀ ਤੋਂ ਲੁਕਿਆ ਫਿਰਦਾ ਸੀ। ਇਸ ਮੌਕੇ ਐਸਪੀ ਬਲਕਾਰ ਸਿੰਘ, ਡੀਐਸਪੀ ਲਖਵੀਰ ਸਿੰਘ, ਡੀਐਸਪੀ ਅਮਰੀਕ ਸਿੰਘ ਚਾਹਲ, ਇੰਸਪੈਕਟਰ ਸ਼ਿਵ ਕੁਮਾਰ, ਐਸਐਸਓ ਫਿਲੌਰ ਦੀ ਹਾਜ਼ਰੀ ਵਿਚ ਬੜੌਂਗੇ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ।