ਸੁਖਬੀਰ ਨੂੰ ਵਿਧਾਨ ਸਭਾ ਪਰਿਵਲੇਜ ਕਮੇਟੀ ਨੇ ਤਲਬ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ.........

Sukhbir Singh Badal

ਚੰਡੀਗੜ੍ਹ  : ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ ਘੇਰਨ ਦੀ ਤਿਆਰੀ ਸਿਰੇ ਚਾੜ੍ਹਦਿਆਂ ਅੱਜ 15 ਦਿਨਾਂ ਦਾ ਨੋਟਿਸ ਭੇਜ ਕੇ, ਤਲਬ ਕੀਤਾ ਗਿਆ ਹੈ। ਸੁਖਬੀਰ ਬਾਦਲ ਵਿਰੁਧ ਸਦਨ ਦੀ ਤੌਹੀਨ ਕਰਨ ਦੇ ਦੋ ਮਾਮਲੇ ਹਨ ਜਿਨ੍ਹਾਂ ਬਾਰੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਲਿਖਤੀ ਤੌਰ 'ਤੇ ਮਾਮਲਾ ਪਰਿਵਲੇਜ ਕਮੇਟੀ ਕੋਲ ਭੇਜ ਦਿਤਾ ਸੀ। ਪਹਿਲਾ ਮਾਮਲਾ 2 ਜੂਨ 2017 ਦਾ ਹੈ ਜਦੋਂ ਸੁਖਬੀਰ ਬਾਦਲ ਨੇ ਰਾਣਾ ਕੇ. ਪੀ. ਸਿੰਘ ਨੂੰ ਨਿਸ਼ਾਨਾ ਬਣਾ ਕੇ, ਸਦਨ ਅੰਦਰ, ਚੇਅਰ ਵਿਰੁਧ ਅਪ-ਸ਼ਬਦ ਬੋਲੇ ਅਤੇ ਦੂਸ਼ਣਬਾਜ਼ੀ ਕੀਤੀ ਸੀ।

ਦੂਜਾ ਮਾਮਲਾ ਮਰਿਆਦਾ ਭੰਗ ਕਰਨ ਦਾ ਉਦੋਂ ਬਣਿਆ, ਜਦ ਸੁਖਬੀਰ ਨੇ ਜਸਟਿਸ ਰਣਜੀਤ  ਸਿੰਘ ਕਮਿਸ਼ਨ ਦੀ ਰੀਪੋਰਟ ਬਾਰੇ ਹੋ ਰਹੀ ਬਹਿਸ ਦੌਰਾਨ ਗਰਮਦਲੀਏ ਸਿੱਖ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸਾਥੀਆਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਦੋਸ਼ ਲਾਇਆ ਸੀ। ਇਸ ਗ਼ਲਤ ਬਿਆਨਬਾਜ਼ੀ ਸਬੰਧੀ ਹਾਊਸ ਦੀ ਕਮੇਟੀ  ਬਣਾਈ ਗਈ ਤੇ ਇਸ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੇ 2 ਮਹੀਨੇ 'ਚ ਰੀਪੋਰਟ ਦਿਤੀ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ 14 ਦਸੰਬਰ ਨੂੰ ਮਾਮਲਾ, ਹਾਊਸ 'ਚ ਲਿਆ ਕੇ ਪਰਿਵਲੇਜ ਕਮੇਟੀ ਨੂੰ ਦੇਣ ਦੀ ਮੰਗ ਕੀਤੀ।

ਪਿਛਲੇ ਹਫ਼ਤੇ ਪਰਿਵਲੇਜ ਕਮੇਟੀ ਦੀ ਬੈਠਕ 'ਚ ਬ੍ਰਹਮ ਮਹਿੰਦਰਾ ਨੇ ਮੌਖਿਕ ਰੂਪ 'ਚ ਇਸ ਮਾਮਲੇ 'ਚ ਸਟੈਂਡ ਲਿਆ ਤੇ ਤਾਈਦ ਕਰ ਦਿਤੀ। 12.30 ਵਜੇ ਹੋਈ ਬੈਠਕ 'ਚ ਸਭਾਪਤੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਗ਼ੈਰ-ਹਾਜ਼ਰੀ 'ਚ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਨਿਯਮਾਂ ਮੁਤਾਬਕ 15 ਦਿਨ ਦਾ ਨੋਟਿਸ ਭੇਜ ਕੇ ਸੁਖਬੀਰ ਬਾਦਲ ਨੂੰ 6 ਫ਼ਰਵਰੀ ਵਾਲੀ ਮੀਟਿੰਗ ਲਈ ਤਲਬ ਕਰ ਲਿਆ ਹੈ। ਉਸ ਦਿਨ ਸੁਖਬੀਰ ਆਪਣਾ ਪੱਖ ਪੇਸ਼ ਕਰੇਗਾ।

ਜ਼ਿਕਰਯੋਗ ਹੈ ਕਿ ਸੱਤਾਧਾਰੀ ਪਾਰਟੀ, ਅਪਣੀ ਸਰਕਾਰ ਵੇਲੇ ਵਿਰੋਧੀ ਨੇਤਾਵਾਂ ਨੂੰ ਨੁਕਰੇ ਲਾਉਣ ਲਈ ਵਿਸ਼ੇਸ਼ ਅਧਿਕਾਰ ਕਮੇਟੀ ਦਾ ਸਹਾਰਾ ਲੈਂਦੀ ਹੈ ਤਾਕਿ ਫ਼ਜ਼ੂਲ ਦੂਸ਼ਣ-ਬਾਜ਼ੀ 'ਤੇ ਕਾਬੂ ਪਾਇਆ ਜਾ ਸਕੇ ਅਤੇ ਸਦਨ ਦੀ ਮਾਣ-ਮਰਯਾਦਾ ਕਾਇਮ ਰੱਖੀ ਜਾਵੇ। ਅੱਜ ਦੀ ਬੈਠਕ 'ਚ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ, ਕਾਂਗਰਸ ਦੇ ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਭਾਪਤੀ ਕਿੱਕੀ ਢਿੱਲੋਂ ਗ਼ੈਰ-ਹਾਜ਼ਰ ਰਹੇ ਅਤੇ ਬਾਕੀ 8 ਮੈਂਬਰਾਂ ਨੇ ਕਾਰਵਾਈ 'ਚ ਹਿੱਸਾ ਲਿਆ। ਇਸ 12 ਮੈਂਬਰੀ ਪਰਿਵਲੇਜ ਕਮੇਟੀ 'ਚ 8 ਵਿਧਾਇਕ ਕਾਂਗਰਸ ਦੇ ਅਤੇ ਦੋ-ਦੋ ਅਕਾਲੀ ਦਲ ਤੇ ''ਆਪ'' ਦੇ ਹਨ।