ਬੇਰੁਜ਼ਗਾਰ ਲਾਈਨਮੈਨ ਵਜਾਉਣਗੇ ਸਰਕਾਰ ਵਿਰੁਧ ਸੰਘਰਸ਼ ਦਾ ਵਾਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ.......

Unemployed Linemen Meeting

ਲੁਧਿਆਣਾ  :  ਅਜ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਧਰਾਂਗਵਾਲਾ ਤੇ ਭੋਲਾ ਸਿੰਘ ਗੱਗੜਪੁਰ ਨੇ ਦਸਿਆ ਕਿ ਬੇਰੁਜ਼ਗਾਰ ਲਾਈਨਮੈਨ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਮੌਕੇ ਦੀਆਂ ਸਰਕਾਰਾਂ ਨੇ ਹਮੇਸ਼ਾ ਰੁਜ਼ਗਾਰ ਦੇਣ ਦੀ ਥਾਂ ਲਾਰੇ, ਡਾਂਗਾਂ, ਜੇਲ੍ਹਾਂ ਹੀ ਦਿਤੀਆਂ ਹਨ। ਉਨ੍ਹਾ ਕਿਹਾ ਕਿ 10 ਸਾਲ ਬਾਅਦ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦੇ ਫ਼ਾਰਮ ਭਰ ਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਸੀ

ਹੁਣ ਤੱਕ ਸਰਕਾਰ ਉਸ ਉਪਰ ਖਰੀ ਨਹੀਂ ਉੱਤਰ ਸਕੀ, ਜੋ ਪੰਜਾਬ ਦੇ ਬੇਰੁਗਜ਼ਾਰਾਂ ਨਾਲ ਬਹੁਤ ਵੱਡਾ ਧੋਖਾ ਹੈ। ਬੇਰੁਜ਼ਗਾਰ ਲਾਈਨਮੈਨ ਵੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ 9 ਨਵੰਬਰ 2017 ਵਿੱਚ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਪੰਜਾਬ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਿੱਚ ਵਨ-ਟਾਈਮ ਸੈਟਲਮੈਂਟ ਦੇ ਹਿਸਾਬ ਨਾਲ ਸਹਾਇਕ ਲਾਈਨਮੈਨ ਦੀਆਂ 2800 (ਉਮਰ 42 ਸਾਲ) ਪੋਸਟਾਂ ਵਿਚ ਪਹਿਲ ਦੇ ਆਧਾਰ ਉੱਪਰ ਪੁਰਾਣੇ ਸਾਥੀਆਂ ਨੂੰ ਰੁਜ਼ਗਾਰ ਦੇਣ ਦਾ ਸਮਝੌਤਾ ਹੋਇਆ ਸੀ, ਪਰ ਬਾਅਦ ਵਿਚ ਪਾਵਰਕਾਮ ਦੀ ਮੈਨੇਜਮੈਂਟ ਆਪਣੇ  ਕੀਤੇ ਸਮਝੋਤੇ ਤੋਂ ਮੁੱਕਰ ਗਈ

ਅਤੇ 2800 ਪੋਸਟਾਂ 'ਚ ਨਵੇਂ ਸਾਥੀਆਂ ਦੇ ਨੰਬਰ ਜ਼ਿਆਦਾ ਹੋਣ ਕਰਕੇ ਪੁਰਾਣੇ ਸਾਥੀ ਸਾਰੇ ਮੈਰਿਟ ਲਿਸਟ ਵਿੱਚੋਂ ਬਾਹਰ ਹੋ ਗਏ ਤੇ ਨੌਕਰੀ ਤੋਂ ਵਾਂਝੇ ਰਹਿ ਗਏ ਜੋ ਹੁਣ ਤੱਕ ਬੇਰੁਜ਼ਗਾਰ ਘੁੰਮ ਰਹੇ ਹਨ। ਸੂਬਾ ਮੀਤ ਪ੍ਰਧਾਨ ਸੋਮਾ ਸਿੰਘ ਭੜੋ ਨੇ ਦਸਿਆ ਕਿ ਸਾਲ 2016 ਵਿਚ ਪਟਿਆਲੇ ਚੱਲਦੇ ਸੰਘਰਸ਼ ਦੌਰਾਨ ਮੌਜੂਦਾ ਸਰਕਾਰ ਦੇ ਮੰਤਰੀ ਜਿਵੇਂ, ਮਹਾਰਾਣੀ ਪ੍ਰਨੀਤ ਕੌਰ, ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੋਤ ਅਤੇ ਹੋਰ ਸੀਨੀਅਰ ਕਾਂਗਰਸੀ ਆਏ ਸਨ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਸਾਡੀ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਰਹਿੰਦੇ ਪੁਰਾਣੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦਿਤਾ ਜਾਵੇਗਾ

ਪਰ ਸਰਕਾਰ ਬਣਨ ਤੋਂ ਬਾਅਦ ਹੁਣ ਉਹ ਆਪਣੇ ਵਾਅਦੇ ਤੋਂ ਭੱਜਦੇ ਨਜ਼ਰ ਆ ਰਹੇ ਹਨ। ਅੰਤ ਵਿਚ ਜਰਨੈਲ ਸਿੰਘ ਜੈਲੀ ਨੇ ਕਿਹਾ ਕਿ ਬੇਰੁਜ਼ਗਾਰ ਲਾਈਨਮੈਨ ਹੁਣ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਉਹ ਰੁਜ਼ਗਾਰ ਪ੍ਰਾਪਤੀ ਲਈ ਅਪਣੀ ਜਾਨ ਦੀ ਪ੍ਰਵਾਹ ਵੀ ਨਹੀਂ ਕਰਨਗੇ ਅਤੇ 26 ਜਨਵਰੀ ਨੂੰ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕਰਨਗੇ।