CAA ਵਿਵਾਦ : ਅਕਾਲੀ ਦਲ ਲਈ ਬਣੀ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਾਲੀ ਸਥਿਤੀ!

ਏਜੰਸੀ

ਖ਼ਬਰਾਂ, ਪੰਜਾਬ

ਹਰਸਿਮਰਤ ਕੌਰ ਬਾਦਲ 'ਤੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦਾ ਦਬਾਅ ਵਧਿਆ

file photo

ਚੰਡੀਗੜ੍ਹ : ਦਿੱਲੀ ਚੋਣਾਂ ਵਿਚ ਭਾਜਪਾ ਨਾਲ ਹੋਏ ਤੋੜ-ਵਿਛੋੜੇ ਤੋਂ ਬਾਅਦ ਅਕਾਲੀ ਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਲਏ ਸਟੈਂਡ ਨੇ ਅਕਾਲੀ ਦਲ ਲਈ 'ਸੱਪ ਦੇ ਮੂੰਹ 'ਚ ਕੋਹੜ ਕਿਰਲੀ' ਵਾਲੀ ਸਥਿਤੀ ਪੈਦਾ ਕਰ ਦਿਤੀ ਹੈ। ਇਸ ਸਥਿਤੀ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਕੁਰਸੀ ਵੀ ਖ਼ਤਰੇ ਵਿਚ ਪਾ ਦਿਤੀ ਹੈ।

ਅਕਾਲੀ ਦਲ ਦੇ ਮੌਜੂਦਾ ਸਟੈਂਡ ਤੋਂ ਬਾਅਦ ਵਿਰੋਧੀਆਂ ਨੇ ਵੀ ਹਮਲਾਵਰ ਤੇਵਰ ਦਿਖਾਉਣੇ ਸ਼ੁਰੂ ਕਰ ਦਿਤੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਕਾਰਨ ਭਾਜਪਾ ਦਾ ਸਾਥ ਛੱਡ ਸਕਦਾ ਹੈ ਤਾਂ ਪੰਜਾਬ ਵਿਚ ਉਸ ਦੀ ਭਾਜਪਾ ਨਾਲ ਗਠਜੋੜ ਨਿਭਾਉਣ ਦੀ ਕੀ ਮਜ਼ਬੂਰੀ ਹੈ। ਪੰਜਾਬ ਵਿਚਲੇ ਗਠਜੋੜ ਦੇ ਦਮ 'ਤੇ ਹੀ ਹਰਸਿਮਰਤ ਕੌਰ ਬਾਦਲ ਕੇਂਦਰ 'ਚ ਮੰਤਰੀ ਦੀ ਕੁਰਸੀ 'ਤੇ ਬਿਰਾਜਮਾਨ ਹਨ।

ਇਸੇ ਦੌਰਾਨ ਅਕਾਲੀ ਦਲ ਦੀ ਬੁੱਧਵਾਰ ਨੂੰ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਵੀ ਪੰਜਾਬ ਅੰਦਰ ਭਾਜਪਾ ਨਾਲ ਗਠਜੋੜ ਦੀਆਂ ਭਵਿੱਖੀ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਕੇਂਦਰ 'ਚ ਮੰਤਰੀ ਬਣੇ ਰਹਿਣ ਬਾਰੇ ਵੀ ਅਨਿਸਚਤਾ ਦਾ ਮਾਹੌਲ ਬਣਿਆ ਰਿਹਾ।  ਸੂਤਰਾਂ ਮੁਤਾਬਕ ਭਾਵੇਂ ਇਸ ਸਬੰਧੀ ਖੁਲ੍ਹ ਕੇ ਚਰਚਾ ਨਹੀਂ ਹੋਈ ਪਰ ਜ਼ਿਆਦਾਤਰ ਅਕਾਲੀ ਆਗੂ ਇਸ ਬਾਰੇ ਛੇਤੀ ਫ਼ੈਸਲਾ ਲੈਣ ਦੇ ਹੱਕ 'ਚ ਦਿਸੇ।

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ 'ਤੇ ਇਲਜ਼ਾਮ ਲਾਇਆ ਹੈ ਕਿ ਉਸ ਵਲੋਂ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਖ਼ਾਤਰ ਭਾਜਪਾ ਦਾ ਦਬਾਅ ਝੱਲਿਆ ਜਾ ਰਿਹਾ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਵਾਕਿਆ ਹੀ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧੀ ਹੈ ਤਾਂ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਤੁਰਤ ਅਸਤੀਫ਼ਾ ਦੇਣਾ ਚਾਹੀਦਾ ਹੈ।

ਉਧਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਵੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਨੇ ਜੇ ਸੱਚਮੁਚ ਹੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਦਿੱਲੀ 'ਚ ਭਾਜਪਾ ਨਾਲੋਂ ਤੋੜ ਵਿਛੋੜਾ ਕੀਤਾ ਹੈ ਤਾਂ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਵਿਚੋਂ ਤੁਰਤ ਬਾਹਰ ਆ ਜਾਣਾ ਚਾਹੀਦਾ ਹੈ। ਬੈਂਸ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਅਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।