ਮੁਫ਼ਤ ਬਿਜਲੀ ਦੇ 'ਆਦੀ' ਹੋਏ ਧਨਾਢ ਕਿਸਾਨ : 14 ਲੱਖ ਕੁਨੈਕਸ਼ਨਾਂ 'ਚੋਂ ਸਿਰਫ਼ 10 ਨੇ ਛੱਡੀ ਸਬਸਿਡੀ!

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਅੰਦਰ 14972.09 ਤਕ ਪਹੁੰਚਿਆ ਮੁਫ਼ਤ ਬਿਜਲੀ ਦਾ ਅੰਕੜਾ

file photo

ਚੰਡੀਗੜ੍ਹ : ਪੰਜਾਬ ਅੰਦਰ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਦਿਤੀ ਜਾਂਦੀ ਮੁਫ਼ਤ ਬਿਜਲੀ ਸਰਕਾਰ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਮਸਲਾ ਲੋੜਵੰਦ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਨਹੀਂ ਬਲਕਿ ਧਨਾਢ ਕਿਸਾਨਾਂ ਵਲੋਂ ਵਰਤੀ ਜਾ ਰਹੀ ਮੁਫ਼ਤ ਦੀ ਬਿਜਲੀ ਬਾਰੇ ਹੈ ਜੋ ਬਿਜਲੀ ਦੇ ਬਿੱਲ ਸੋਖਿਆ ਹੀ ਅਦਾ ਕਰ ਸਕਦੇ ਹਨ।

ਪੰਜਾਬ ਵਿਚ ਖੇਤੀਬਾੜੀ ਖੇਤਰ ਦੇ ਕੁੱਲ 14 ਲੱਖ ਕੁਨੈਕਸ਼ਨ ਹਨ। ਪੰਜਾਬ ਸਰਕਾਰ ਵਲੋਂ ਅਪੀਲ ਦੇ ਬਾਵਜੂਦ 14 ਲੱਖ ਕੁਨੈਕਸ਼ਨਾਂ ਵਿਚੋਂ ਸਿਰਫ਼ 10 ਕਿਸਾਨਾਂ ਨੇ ਹੀ ਬਿਜਲੀ 'ਤੇ ਮਿਲਦੀ ਸਬਸਿਡੀ ਛੱਡੀ ਹੈ। ਪੰਜਾਬ ਅੰਦਰ 85000 ਦੇ ਕਰੀਬ ਅਜਿਹੇ ਕਿਸਾਨ ਹਨ ਜਿਨ੍ਹਾਂ ਕੋਲ ਇਕ ਤੋਂ ਵਧੇਰੇ ਬਿਜਲੀ ਕੁਨੈਕਸ਼ਨ ਹਨ। ਅਮੀਰ ਕਿਸਾਨਾਂ ਵਿਚ ਗਿਣੇ ਜਾਂਦੇ ਇਨ੍ਹਾਂ ਕਿਸਾਨਾਂ ਕੋਲ 1 ਲੱਖ 85 ਹਜ਼ਾਰ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਹਨ।

ਪੰਜਾਬ ਸਰਕਾਰ ਵਲੋਂ ਸਾਲ 2018-19 ਦੌਰਾਨ 6256 ਕਰੋੜ ਰੁਪਏ ਖੇਤੀਬਾੜੀ ਸੈਕਟਰ ਨੂੰ ਦਿਤੀ ਜਾਂਦੀ ਮੁਫ਼ਤ ਬਿਜਲੀ ਦੇ ਸਬਸਿਡੀ ਵਜੋਂ ਦਿਤੇ ਗਏ ਹਨ। ਇਸੇ ਦੌਰਾਨ ਮੁੱਖ ਮੰਤਰੀ ਵਲੋਂ ਵਿਧਾਨ ਸਭਾ ਅੰਦਰ ਵੀ ਅਮੀਰ ਕਿਸਾਨਾਂ ਨੂੰ ਬਿਜਲੀ ਸਬਸਿਡੀ ਛੱਡਣ ਲਈ ਪ੍ਰੇਰਿਤ ਕਰਨਾ ਚਾਹਿਆ ਸੀ ਜਿਸ ਦਾ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਭਾਵੇਂ ਉਸ ਵੇਲੇ ਸੱਤਾਧਾਰੀ ਧਿਰ ਦੇ ਕੁੱਝ ਆਗੂਆਂ ਨੇ ਵੀ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕੀਤਾ ਸੀ, ਪਰ ਪਾਵਰਕਾਮ ਦੇ ਸੂਤਰਾਂ ਅਨੁਸਾਰ ਅਜੇ ਤਕ ਇਨ੍ਹਾਂ ਵਿਚੋਂ ਕੋਈ ਵੀ ਆਗੂ ਸਬਸਿਡੀ ਛੱਡਣ ਲਈ ਤਿਆਰ ਨਹੀਂ ਹੋਇਆ।

ਕਾਬਲੇਗੌਰ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਮੰਤਰੀਆਂ ਨੇ ਸਬਸਿਡੀ ਛੱਡ ਦਿਤੀ ਹੈ ਪਰ ਰਿਕਾਰਡ ਮੁਤਾਬਕ ਸਿਰਫ਼ ਤਿੰਨ ਮੰਤਰੀਆਂ ਨੇ ਹੀ ਸਬਸਿਡੀ ਛੱਡੀ ਹੈ। ਬਿਜਲੀ ਸਬਸਿਡੀ ਛੱਡਣ ਵਾਲਿਆਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਮਹਿਰਾਜ ਪਿੰਡ ਦਾ ਕਮਲਜੀਤ ਦਿਓਲ ਸ਼ਾਮਲ ਹਨ।

ਸੈਂਟਰ ਫਾਰ ਰਿਸਰਚ ਐਂਡ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ  ਦੀ ਰਿਪੋਰਟ ਅਨੁਸਾਰ ਪੰਜਾਬ ਅੰਦਰ 14.5 ਖੇਤੀਬਾੜੀ ਟਿਊਬਵੈੱਲ ਹਨ। ਇਨ੍ਹਾਂ ਵਿਚੋਂ ਸਿਰਫ਼ 18.48 ਫ਼ੀਸਦੀ ਕਿਸਾਨ ਹੀ ਗ਼ਰੀਬ ਕਿਸਾਨ ਹਨ। ਇਨ੍ਹਾਂ ਕੋਲ ਢਾਈ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਹੈ। ਬਾਕੀ 81.52 ਫੀ ਸਦੀ ਖਾਦੇ-ਪੀਂਦੇ ਕਿਸਾਨ ਮੁਫ਼ਤ ਬਿਜਲੀ ਦਾ ਲੁਤਫ਼ ਉਠਾ ਰਹੇ ਹਨ। ਜੇਕਰ ਇਹ ਕਿਸਾਨ ਮੁਫ਼ਤ ਦੀ ਬਿਜਲੀ ਵਰਤਣਾ ਬੰਦ ਕਰ ਦੇਣ ਤਾਂ ਕਿਸਾਨ ਨੂੰ 80 ਫ਼ੀ ਸਦੀ ਬਚਤ ਹੋ ਸਕਦੀ ਹੈ ਜੋ ਕਿ 4848.216 ਕਰੋੜ ਰੁਪਏ ਸਾਲਾਨਾ ਦੇ ਕਰੀਬ ਬਣਦੀ ਹੈ।

ਪੰਜਾਬ ਸਰਕਾਰ ਬਿਜਲੀ ਸਬਸਿਡੀ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੈ, ਜਿਸ ਬਾਰੇ ਅੰਤਰਖਾਤੇ ਤਿਆਰੀਆਂ ਵੀ ਚੱਲ ਰਹੀਆਂ ਹਨ। ਪੰਜਾਬ ਅੰਦਰ ਇਸ ਵੇਲੇ ਕਿਸਾਨਾਂ ਤੋਂ ਇਲਾਵਾ ਐਸਸੀ, ਤੇ ਬੀਸੀ ਵਰਗ, ਗ਼ਰੀਬ ਪਰਿਵਾਰਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਦਿਤੀ ਜਾ ਰਹੀ ਬਿਜਲੀ ਸਬਸਿਡੀ ਦੇ ਬਿੱਲ ਦਾ ਕੁੱਲ ਜੋੜ 14972.09 ਤਕ ਪਹੁੰਚ ਗਿਆ ਹੈ।