ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ’ਜ਼ੈੱਡ ਪਲੱਸ’ ਸੁਰੱਖਿਆ ਦਿਤੀ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ’ਜ਼ੈੱਡ ਪਲੱਸ’ ਸੁਰੱਖਿਆ ਦਿਤੀ

image

ਨਵੀਂ ਦਿੱਲੀ, 22 ਜਨਵਰੀ: ਕੇਂਦਰ ਸਰਕਾਰ ਨੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ’ਜ਼ੈੱਡ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਮੁਹਈਆ ਕਰਵਾਉਣ ਦਾ ਫ਼ੈਸਲਾ ਲਿਆ ਹੈ। ਅਧਿਕਾਰਤ ਸੂਤਰਾਂ ਨੇ ਸ਼ੁਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ 66 ਸਾਲਾ ਗੋਗੋਈ ਨੂੰ ਦੇਸ਼ ਭਰ ’ਚ ਉਨ੍ਹਾਂ ਦੀ ਯਾਤਰਾ ਦੌਰਾਨ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਹਥਿਆਰਬੰਦ ਕਮਾਂਡੋ ਸੁਰੱਖਿਆ ਪ੍ਰਦਾਨ ਕਰਨਗੇ। ਰਾਜ ਸਭਾ ਮੈਂਬਰ ਗੋਗੋਈ ਨੂੰ ਪਹਿਲਾਂ ਦਿੱਲੀ ਪੁਲਿਸ ਸੁਰੱਖਿਆ ਮੁਹਈਆ ਕਰਵਾ ਰਹੀ ਸੀ।
ਗੋਗੋਈ ਨਵੰਬਰ 2019 ’ਚ ਚੀਫ਼ ਜਸਟਿਸ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਤੇ ਬਾਅਦ ’ਚ ਸਰਕਾਰ ਨੇ ਉਨ੍ਹਾਂ ਰਾਜ ਸਭਾ ਦਾ ਮੈਂਬਰ ਚੁਣਿਆ। 
ਸੂਤਰਾਂ ਨੇ ਦਸਿਆ ਕਿ ਸੀ.ਆਰ.ਪੀ.ਐੱਫ. ਵੀ.ਆਈ.ਪੀ. ਸੁਰੱਖਿਆ ਇਕਾਈ ਹੈ ਅਤੇ ਗੋਗੋਈ 63ਵੇਂ ਵਿਅਕਤੀ ਹਨ, ਜਿਨ੍ਹਾਂ ਨੂੰ ਫ਼ੋਰਸ ਵਲੋਂ ਸੁਰੱਖਿਆ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਸੀ.ਆਰ.ਪੀ.ਐੱਫ. ਦੇ 8 ਤੋਂ 12 ਕਮਾਂਡੋ ਦਾ ਹਥਿਆਰਬੰਦ ਸਚੱਲ ਦਸਤਾ ਯਾਤਰਾ ਦੌਰਾਨ ਚੀਫ਼ ਜਸਟਿਸ ਦੀ ਸੁਰੱਖਿਆ ਕਰੇਗਾ। (ਏਜੰਸੀ)

 ਉਨ੍ਹਾਂ ਦੇ ਘਰ ਵੀ ਅਜਿਹਾ ਹੀ ਦਸਤਾ ਸੁਰੱਖਿਆ ’ਚ ਤਾਇਨਾਤ ਰਹੇਗਾ।
ਇਹ ਹੁੰਦੀ ਹੈ ’ਜ਼ੈੱਡ ਪਲੱਸ’ ਸੁਰੱਖਿਆ: ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇਸ਼ ਦੀ ਸਖ਼ਤ ਸੁਰੱਖਿਆ ਵਿਵਸਥਾ ਹੈ। ਇਹ ਵੀ.ਆਈ.ਪੀ.ਪੀ. ਨੂੰ ਮਿਲਣ ਵਾਲੀ ਸੁਰੱਖਿਆ ਹੈ। ਜ਼ੈੱਡ ਪਲੱਸ ਤਿੰਨ ਪੱਧਰ ਦੀ ਸੁਰੱਖਿਆ ਹੁੰਦੀ ਹੈ। ਇਸ ਸ਼੍ਰੇਣੀ ਦੀ ਸੁਰੱਖਿਆ ਵਿਚ 36 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ। ਇਨ੍ਹਾਂ ’ਚ 10 ਐੱਨ.ਐੱਸ.ਜੀ. ਦੇ ਵਿਸ਼ੇਸ਼ ਕਮਾਂਡੋ ਹੁੰਦੇ ਹਨ ਜੋ ਪਹਿਲੇ ਘੇਰੇ ਤੋਂ ਇਲਾਵਾ ਪਹਿਲੇ ਪੱਧਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਇਨ੍ਹਾਂ ਵਿਚ ਐੱਨ.ਐੱਸ.ਜੀ. ਅਤੇ ਐੱਸ.ਪੀ.ਜੀ. ਦੇ ਕਮਾਂਡੋ ਸ਼ਾਮਲ ਰਹਿੰਦੇ ਹਨ। ਇਸ ਸੁਰੱਖਿਆ ਵਿਚ ਪਹਿਲੇ ਘੇਰੇ ਦੀ ਜ਼ਿੰਮੇਵਾਰੀ ਐੱਨਐੱਸਜੀ ਦੀ ਹੁੰਦੀ ਹੈ ਜਦਕਿ ਦੂਜੇ ਘੇਰੇ ਦੀ ਜ਼ਿੰਮੇਵਾਰੀ ਐੱਸਪੀਜੀ ਕਮਾਂਡੋ ਦੀ ਹੁੰਦੀ ਹੈ। ਤੀਜੇ ਘੇਰੇ ਦੀ ਜ਼ਿੰਮੇਵਾਰੀ ਵਿਚ ਅਰਧ ਸੈਨਿਕ ਬਲਾਂ ਵਰਗੀਆਂ ਆਈ.ਟੀ.ਬੀ.ਪੀ., ਸੀ.ਆਰ.ਪੀ.ਐੱਫ., ਸੀ.ਆਈ.ਐੱਸ.ਐੱਫ. ਆਦਿ ਦੇ ਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜ਼ੈੱਡ ਪਲੱਸ ਸੁਰੱਖਿਆ ਆਮ ਤੌਰ ’ਤੇ ਉਨ੍ਹਾਂ ਕੇਂਦਰੀ ਮੰਤਰੀਆਂ ਜਾਂ ਮਹਿਮਾਨਾਂ ਨੂੰ ਦਿਤੀ ਜਾਂਦੀ ਹੈ ਜਿਨ੍ਹਾਂ ਨੂੰ ਅਤਿਵਾਦੀਆਂ ਤੋਂ ਖ਼ਤਰਾ ਹੋਵੇ। (ਏਜੰਸੀ)