ਸਾਬਕਾ ਕੌਂਸਲਰ ਅਤੇ ਭਾਜਪਾ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਕੰਚਨ ਸੇਠੀ ਨੇ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਕੌਂਸਲਰ ਅਤੇ ਭਾਜਪਾ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਕੰਚਨ ਸੇਠੀ ਨੇ ਦਿਤਾ ਅਸਤੀਫ਼ਾ

image

ਮਾਨਸਾ, 22 ਜਨਵਰੀ (ਨਾਨਕ ਸਿੰਘ ਖੁਰਮੀ) : ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਮੋਰਚੇ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਮਾਨਸਾ ਦੇ ਵਾਰਡ ਨੰਬਰ 12 ਦੀ ਸਾਬਕਾ ਐਮਸੀ ਅਤੇ ਭਾਜਪਾ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਕੰਚਨ ਸੇਠੀ ਨੇ ਅਪਨੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ। ਜਾਣਕਾਰੀ ਅਨੁਸਾਰ ਉਹ ਪਾਰਟੀ ਦੀਆਂ ਕਿਸਾਨ ਵਿਰੋਧੀ ਗਤੀਵਿਧੀਆਂ ਤੋਂ ਦੁਖੀ ਚੱਲ ਰਹੇ ਸਨ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਹੱਕ ਵਿਚ ਜਾਂਦਿਆਂ ਉਨ੍ਹਾਂ ਨੇ ਅਪਨੀ ਪਾਰਟੀ ਦੇ ਸੈਂਕੜੇ ਹੋਰ ਵਰਕਰਾਂ ਨਾਲ ਅਪਨੇ ਛੇ ਸਾਲ ਦੇ ਕਾਰਜਕਾਲ ਨੂੰ ਵਿਰਾਮ ਲਗਾਇਆ ਅਤੇ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਲਾਲ ਨੂੰ ਅਪਣੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ। 
    ਉਨ੍ਹਾਂ ਅਪਨੇ ਹੱਥੀ ਲਿਖੇ ਅਸਤੀਫ਼ੇ ਵਿਚ ਕਿਹਾ ਹੈ ਕਿ ਉਹ ਅਪਨੀ ਪਾਰਟੀ ਵਿਚ ਕਰੀਬ ਛੇ ਸਾਲਾਂ ਤੋਂ ਪੂਰਨ ਵਫ਼ਾਦਾਰੀ ਨਾਲ ਸੇਵਾ ਨਿਭਾ ਰਹੇ ਸਨ, ਪਰ ਭਾਰਤ ਵਿਚ ਕੇਂਦਰੀ ਸਰਕਾਰ ਵਲੋਂ ਕਿਸਾਨ ਵਿਰੋਧੀ ਤਿੰਨ ਬਿਲ ਪਾਸ ਕਰਨ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਸੈਂਕੜੇ ਵਰਕਰ ਸਹਿਮਤ ਨਹੀਂ ਹਨ, ਜਿਸ ਨੂੰ ਲੈ ਕੇ ਅੱਜ ਉਨ੍ਹਾਂ ਪਾਰਟੀ ਦੀਆਂ  ਨੀਤੀਆਂ ਵਿਰੁਧ ਅਪਨੇ ਸਮਰੱਥਕਾਂ ਸਮੇਤ ਭਾਰਤੀ ਜਨਤਾ ਪਾਰਟੀ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦੇ ਹਨ। 
   ਜਦੋਂ ਇਸ ਬਾਰੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਲਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਦਸਤੀ ਰੂਪ ਵਿਚ ਹਾਲੇ ਕੰਚਨ ਸੇਠੀ ਵਲੋਂ ਕੋਈ ਅਸਤੀਫ਼ਾ ਨਹੀਂ ਆਇਆ, ਲੇਕਿਨ ਸਾਨੂੰ ਪਤਾ ਲੱਗਾ ਹੈ ਕਿ ਉਹ ਪਾਰਟੀ ਨੂੰ ਅਪਨਾ ਅਸਤੀਫ਼ਾ ਦੇ ਰਹੀ ਹੈ, ਉਹ ਸ਼ਹਿਰ ਦੇ ਵਾਰਡ ਨੰਬਰ 10 ਤੋਂ ਸਾਬਕਾ ਐਮਸੀ ਰਹੇ ਹਨ।


 ਇਸ ਮੌਕੇ ਤੇ ਜਸਪਾਲ ਕੜਵਲ, ਨਰਾਤਾ ਸਿੰਘ, ਪ੍ਰਕਾਸ਼ ਕੌਰ,ਸੁਖਾ ਸਿੰਘ, ਬੰਤ ਸਿੰਘ, ਘਨਸ਼ਿਆਮ, ਸੋਨੀ, ਜਸਵੀਰ ਸਿੰਘ ਅਤੇ ਹੋਰ ਵੀ ਕਈ ਲੋਕ ਮੌਜੂਦ ਸਨ।
ਫੋਟੋ ਨੰ-14,15
ਕੈਪਸ਼ਨ-ਕੰਚਨ ਸੇਠੀ ਦੀ ਫਾਈਲ਼ ਫੋਟੋ ਅਤੇ ਉਹਨਾਂ ਵੱਲੋਂ ਲਿਖਿਆ ਗਿਆ ਅਸਤੀਫਾ ਕਾਪੀ

ਭਾਜਪਾ ਨੂੰ ਵਿਰਾਮ ਲਾਉਂਦਿਆਂ ਮੁਢਲੀ ਮੈਂਬਰਸ਼ਿਪ ਨੂੰ ਤਿਆਗ਼ਿਆ