ਐਨਸੀਬੀ ਨੇ ਸ਼੍ਰੀਲੰਕਾ ਦੇ ਦੋ ਨਾਗਰਿਕਾਂ ਨੂੰ 100 ਕਿਲੋ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਐਨਸੀਬੀ ਨੇ ਸ਼੍ਰੀਲੰਕਾ ਦੇ ਦੋ ਨਾਗਰਿਕਾਂ ਨੂੰ 100 ਕਿਲੋ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

image

ਫੜੀ ਗਈ ਹੈਰੋਇਨ ਦੀ ਕੀਮਤ ਬਾਜ਼ਾਰ ਵਿਚ ਲਗਭਗ ਇਕ ਹਜ਼ਾਰ ਕਰੋੜ ਰੁਪਏ

ਨਵੀਂ ਦਿੱਲੀ, 22 ਜਨਵਰੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸ਼ੁਕਰਵਾਰ ਨੂੰ ਸ੍ਰੀਲੰਕਾ ਦੇ ਦੋ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਲਗਭਗ 100 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਲਗਭਗ 1000 ਕਰੋੜ ਰੁਪਏ ਹੈ। ਉਨ੍ਹਾਂ ਦੀਆਂ ਤਾਰਾਂ ਛੇ ਦੇਸ਼ਾਂ ਨਾਲ ਜੁੜੀਆਂ ਹਨ।
ਜਾਂਚ ਏਜੰਸੀ ਨੇ ਇਹ ਕਾਰਵਾਈ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਵਾਲੇ ਰੈਕੇਟ ਦੀ ਜਾਂਚ ਵਿਚ ਕੀਤੀ ਹੈ। ਦੋਵਾਂ ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿਚੋਂ ਇਕ ਦਾ ਨਾਂ ਮੁਹੰਮਦ ਅਫ਼ਨਸ ਹੈ ਅਤੇ ਦੂਸਰਾ ਐਮਐਮਐਮ ਨਿਵਾਸ। ਦੋਵੇਂ ਇਥੇ ਅਪਣੀ ਪਛਾਣ ਲੁਕਾ ਕੇ ਰਹਿ ਰਹੇ ਸਨ।
ਐਨਸੀਬੀ ਨੇ ਇਕ ਬਿਆਨ ਵਿਚ ਕਿਹਾ ਕਿ ਦੋਵੇਂ ਜਿਸ ਨਸ਼ਿਆਂ ਦੇ ਸਿੰਡੀਕੇਟ ਨਾਲ ਜੁੜੇ ਹੋਏ ਸਨ ਉਸ ਦੇ ਤਾਰ ਪਾਕਿਸਤਾਨ, ਅਫ਼ਗ਼ਾਨਿਸਤਾਨ, ਇਰਾਨ, ਸ੍ਰੀਲੰਕਾ, ਮਾਲਦੀਵ ਅਤੇ ਆਸਟਰੇਲੀਆ ਵਿਚ ਫੈਲਿਆ ਹੋਇਆ ਹੈ। 
ਐਨਸੀਬੀ ਅਤੇ ਗੁਆਂਢੀ ਦੇਸ਼ ਦੇ ਹਮਰੁਤਬਾ ਜਾਂਚ ਏਜੰਸੀ ਨੇ ਨਵੰਬਰ 2020 ਵਿਚ ਭਾਰਤੀ ਖੇਤਰ ਵਿਚ ਸ਼੍ਰੀਲੰਕਾਈ ਦੇ ਸਮੁੰਦਰੀ ਜਹਾਜ਼, ਸ਼ਨਾਇਆ ਦੂਵਾ ਤੋਂ ਭਾਰਤੀ ਖੇਤਰ ਵਿਚ ਹੈਰੋਇਨ ਦੇ ਕਬਜ਼ੇ ਦੀ ਜਾਂਚ ਲਈ ਹੱਥ ਮਿਲਾਏ। ਇਸ ਤੋਂ ਬਾਅਦ ਦੋਵਾਂ ਦੀ ਗ੍ਰਿਫ਼ਤਾਰੀ ਹੋਈ ਹੈ। 
ਇਸ ਜਹਾਜ਼ ਨੂੰ ਐਨਸੀਬੀ ਅਤੇ ਇੰਡੀਅਨ ਕੋਸਟ ਗਾਰਡ ਨੇ ਤੂਤਕੋਰਿਨ ਬੰਦਰਗਾਹ ਦੇ ਕੋਲ ਜਹਾਜ਼ ਨੂੰ ਰੋਕਿਆ ਸੀ ਅਤੇ ਇਸ ਦੀ ਤਲਾਸ਼ੀ ਲੈਣ ’ਤੇ 95.87 ਕਿਲੋ ਹੈਰੋਇਨ, 18.32 ਕਿਲੋਗ੍ਰਾਮ ਮੈਥਾਮਫੇਟਾਮਾਈਨ, ਪੰਜ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ। 
ਸਮੁੰਦਰੀ ਜਹਾਜ਼ ਦੇ ਸ੍ਰੀਲੰਕਾ ਦੇ ਛੇ ਚਾਲਕ ਅਮਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਨਿਆਇਕ ਹਿਰਾਸਤ ਵਿਚ ਹਨ। (ਪੀਟੀਆਈ)