ਅਜਨਾਲਾ ਤੋਂ ਸਾਹਮਣੇ ਆਈ ਬੇਅਦਬੀ ਦੀ ਘਟਨਾ, ਨੌਜਵਾਨ ਬੋਲਿਆ ‘1 ਲੱਖ ਦਾ ਦਿੱਤਾ ਸੀ ਲਾਲਚ’
ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਲੋਕਾਂ ਨੇ ਨੌਜਵਾਨ ਨੂੰ ਮੌਕੇ 'ਤੇ ਫੜ ਲਿਆ ਤੇ ਉਸ ਦੀ ਖੂਬ ਮਾਰ ਕੁੱਟ ਕੀਤੀ।
ਅਜਨਾਲਾ - ਪੰਜਾਬ ਵਿਚ ਆਏ ਦਿਨ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਵਿਚੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਚੋਣਾਂ ਮੌਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਮਾਹੌਲ ਨੂੰ ਖ਼ਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਫਿਰ ਬੇਅਦਬੀ ਦੀ ਘਟਨਾ ਅੰਮ੍ਰਿਤਸਰ ਦੇ ਅਜਨਾਲਾ ਪਿੰਡ ਔਲਖ ਸਥਿਤ ਗੁਰਦੁਆਰਾ ਤੋਂ ਸਾਹਮਣੇ ਆਇਆ ਹੈ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਲੋਕਾਂ ਨੇ ਨੌਜਵਾਨ ਨੂੰ ਮੌਕੇ 'ਤੇ ਫੜ ਲਿਆ ਤੇ ਉਸ ਦੀ ਖੂਬ ਮਾਰ ਕੁੱਟ ਕੀਤੀ।
ਫੜੇ ਗਏ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ ਤੇ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਉਸ ਦੀ ਕਾਫੀ ਕੁੱਟ ਮਾਰ ਕੀਤੀ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਜਨਾਲਾ ਦੇ ਪਿੰਡ ਭਿੰਡੀ ਔਲਖ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਚ ਸ਼ਨੀਵਾਰ ਨੂੰ ਸ਼ਾਮ ਲਗਭਗ 4.45 ਵਜੇ ਚੋਰੀ ਕਰਨ ਆਏ ਨੌਜਵਾਨ ਨੂੰ ਲੋਕਾਂ ਨੇ ਫੜ ਲਿਆ। ਉਸ ਨੇ ਦੱਸਿਆ ਕਿ ਪਿੰਡ ਦੇ ਹੀ ਇਕ ਵਿਅਕਤੀ ਗੰਨਾ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਬੇਅਦਬੀ ਕਰੇਗਾ ਤਾਂ ਉਸ ਨੂੰ ਇੱਕ ਲੱਖ ਰੁਪਏ ਮਿਲਣਗੇ।
ਉਸ ਨੇ ਕਿਹਾ ਕਿ ਪਹਿਲਾਂ ਉਹ ਨਹੀਂ ਮੰਨਿਆ ਪਰ ਨਸ਼ੇ ਦੇ ਲਾਲਚ ਵਿਚ ਉਹ ਸਿਰਫ਼ ਅੰਦਰ ਦੇਖਣ ਆਇਆ ਸੀ। ਚੋਰੀ ਉਸ ਦੇ ਨਾਲ ਆਏ ਕਿਸੇ ਦੂਜੇ ਨੌਜਵਾਨ ਨੇ ਕੀਤੀ ਹੈ। ਸੀਸੀਟੀਵੀ ਕੈਮਰਿਆਂ ਮੁਤਾਬਕ ਨੌਜਵਾਨ ਦੀਵਾਰ ਟੱਪ ਕੇ ਅੰਦਰ ਦਾਖਲ ਹੋਇਆ ਸੀ ਤੇ ਉਸ ਨਾਲ ਕੋਈ ਹੋਰ ਨਹੀਂ ਸੀ। ਵੀਡੀਓ ਵਿਚ ਗੁਰਸਾਹਿਬ ਨੇ ਮੰਨਿਆ ਕਿ ਉਸ ਨੂੰ ਬੇਅਦਬੀ ਲਈ ਕਿਹਾ ਗਿਆ ਸੀ ਪਰ ਉਸ ਨੇ ਨਹੀਂ ਕੀਤੀ। ਦੂਜੇ ਨੌਜਵਾਨ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਤੋਂ ਪੈਸੇ ਚੁਰਾਏ ਹਨ। ਮੌਕੇ ਉਤੇ ਪੁੱਜੀ ਪੁਲਿਸ ਨੇ ਨੌਜਵਾਨ ਨੂੰ ਲੋਕਾਂ ਦੇ ਚੁੰਗਲ ਵਿਚੋਂ ਛੁਡਵਾ ਕੇ ਗ੍ਰਿਫਤਾਰ ਕੀਤਾ। ਗੁਰਸਾਹਿਬ ਨੇ ਮੰਨਿਆ ਕਿ ਉਸ ਨੇ ਇਹ ਸਾਰਾ ਕੁਝ ਨਸ਼ੇ ਲਈ ਕੀਤਾ ਹੈ। ਉਸ ਖਿਲਾਫ FIR ਦਰਜ ਕਰ ਲਈ ਗਈ ਹੈ। ਦੂਜਾ ਦੋਸ਼ੀ ਗੰਨਾ ਫਰਾਰ ਹੈ।