ਬੀਮਾਰ ਪਤਨੀ ਨੂੰ ਮਾਰਨ ਤੋਂ ਬਾਅਦ ਘਰ 'ਚ ਅੱਗ ਲਾ ਕੇ ਸਾੜੀ ਲਾਸ਼
ਬੀਮਾਰ ਪਤਨੀ ਨੂੰ ਮਾਰਨ ਤੋਂ ਬਾਅਦ ਘਰ 'ਚ ਅੱਗ ਲਾ ਕੇ ਸਾੜੀ ਲਾਸ਼
ਘਟਨਾ ਨੂੰ ਅੰਜਾਮ ਦੇਣ ਪਿਛੋਂ ਪਤੀ ਹੋਇਆ ਫ਼ਰਾਰ
ਮੋਗਾ/ਬਾਘਾ ਪੁਰਾਣਾ, 21 ਜਨਵਰੀ (ਅਰੁਣ ਗੁਲਾਟੀ/ ਸੰਦੀਪ ਬਾਘੇਵਾਲੀਆ) : ਇਥੋਂ ਨੇੜਲੇ ਪਿੰਡ ਠੱਠੀ ਭਾਈ ਵਿਖੇ ਇਕ ਪਤੀ ਵਲੋਂ ਅਪਣੀ ਬੀਮਾਰ ਪਤਨੀ ਨੂੰ ਮਾਰਨ ਤੋਂ ਬਾਅਦ ਲਾਸ਼ ਨੂੰ ਘਰ ਅੰਦਰ ਹੀ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਗੇਜੀ ਪੁੱਤਰ ਠਾਕਰ ਸਿੰਘ ਵਾਸੀ ਪਿੰਡ ਠੱਠੀ ਭਾਈ ਜੋ ਪਿੰਡ ਵਿਚ ਹੀ ਪਿਛਲੇ ਲੰਮੇ ਸਮੇਂ ਤੋਂ ਸੀਰੀ ਰਲਦਾ ਆ ਰਿਹਾ ਹੈ ਅਤੇ ਗ਼ਰੀਬ ਪਰਵਾਰ ਨਾਲ ਸਬੰਧ ਰਖਦਾ ਹੈ | ਅੰਗਰੇਜ ਸਿੰਘ ਦੀ ਪਤਨੀ ਚਰਨਜੀਤ ਕੌਰ (45) ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸੀ ਅਤੇ ਉਹ ਦਿਮਾਗੀ ਤੌਰ 'ਤੇ ਵੀ ਪ੍ਰੇਸ਼ਾਨ ਰਹਿੰਦੀ ਸੀ | ਪਤਨੀ ਦੀ ਸਾਂਭ-ਸੰਭਾਲ ਅਤੇ ਇਲਾਜ ਕਰਵਾਉਣ ਤੋਂ ਉਸ ਦਾ ਪਤੀ ਅੰਗਰੇਜ਼ ਸਿੰਘ ਹਮੇਸ਼ਾ ਅਸਮਰਥ ਦਸਦਾ ਆ ਰਿਹਾ ਸੀ ਜਿਸ ਕਰ ਕੇ ਅੰਗਰੇਜ਼ ਸਿੰਘ ਦੀ ਪਤਨੀ ਚਰਨਜੀਤ ਕੌਰ ਅਪਣੀ ਵਿਆਹੀ ਹੋਈ ਲੜਕੀ ਕੋਲ ਹੀ ਰਹਿੰਦੀ ਸੀ | ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਅਪਣੀ ਪਤਨੀ ਚਰਨਜੀਤ ਕੌਰ ਨੂੰ ਅਜੇ ਚਾਰ-ਪੰਜ ਦਿਨ ਪਹਿਲਾਂ ਹੀ ਪਿੰਡ ਲਿਆਇਆ ਸੀ ਅਤੇ ਉਹ ਉਸ ਨੂੰ ਕਿਸੇ ਸਮਾਜ ਸੇਵੀ ਸੰਸਥਾ ਕੋਲ ਛੱਡ ਕੇ ਆਉਣ ਲਈ ਪਿੰਡ ਵਾਸੀਆਂ ਕੋਲ ਅਕਸਰ ਕਹਿੰਦਾ ਰਹਿੰਦਾ ਸੀ | ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅੰਗਰੇਜ਼ ਸਿੰਘ ਦੇ ਘਰ ਲੱਗੀ ਹੋਈ ਅੱਗ ਤੋਂ ਬਾਅਦ ਸੁਆਹ ਦੀ ਢੇਰੀ ਨੂੰ ਅੱਖੀਂ ਵੇਖਣ ਵਾਲੇ ਪਿੰਡ ਵਾਸੀਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਅੰਗਰੇਜ਼ ਸਿੰਘ ਨੇ ਅਪਣੀ ਪਤਨੀ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਘਰ ਅੰਦਰ ਹੀ ਸਾੜ ਦਿਤਾ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਅਪਣੀ ਪਤਨੀ ਦੀਆਂ ਕੁਝ ਕੁ ਅਸਥੀਆਂ ਲੈ ਕੇ ਫ਼ਰਾਰ ਹੋ ਗਿਆ ਜਦਕਿ ਉਸ ਦੀਆਂ ਜ਼ਿਆਦਾਤਰ ਅਸਥੀਆਂ ਘਰ ਹੀ ਰਹਿ ਗਈਆਂ | ਪਿੰਡ ਵਿਚ ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਚਰਨਜੀਤ ਕੌਰ ਦੀ ਮੌਤ ਸਧਾਰਨ ਹੋਈ ਪਰ ਉਸ ਦਾ ਸਸਕਾਰ ਹੀ ਰਾਤ ਦੇ ਹਨ੍ਹੇਰੇ ਵਿਚ ਉਸ ਦੇ ਪਤੀ ਵਲੋਂ ਕੀਤਾ ਗਿਆ | ਇਸ ਪੂਰੇ ਮਾਮਲੇ ਦੀ ਪੜਤਾਲ ਲਈ ਥਾਣਾ ਸਮਾਲਸਰ ਦੀ ਪੁਲਿਸ ਜਾਂਚ ਵਿਚ ਜੁਟ ਗਈ ਹੈ ਅਤੇ ਕਥਿਤ ਦੋਸ਼ੀ ਪਤੀ ਦੀ ਭਾਲ ਜਾਰੀ ਹੈ |