ਚੰਡੀਗੜ੍ਹ: ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਜਾਅਲੀ ਦਸਤਖ਼ਤਾਂ ਦੇ ਮਾਮਲੇ ਵਿੱਚ 11 ਪੁਲਿਸ ਅਧਿਕਾਰੀਆਂ ਦੀ ਫਰਜ਼ੀ ਤਰੱਕੀ ਸੂਚੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਡੀਜੀਪੀ ਦੇ ਪੀ.ਏ. ਕੁਲਵਿੰਦਰ ਸਿੰਘ ਨੂੰ ਬੀਤੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਦਾ ਦਸ ਦਿਨ ਦਾ ਰਿਮਾਂਡ ਮੰਗਿਆ ਸੀ। ਪੁਲਿਸ ਇਸ ਮਾਮਲੇ 'ਚ ਫੜੇ ਗਏ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਕਿ ਇਹ ਧੋਖਾਧੜੀ ਕਦੋਂ ਤੋਂ ਚੱਲ ਰਹੀ ਹੈ ਅਤੇ ਇਸ 'ਚ ਹੋਰ ਕੌਣ-ਕੌਣ ਸ਼ਾਮਲ ਹੈ।
ਦੱਸ ਦਈਏ ਕਿ ਹੁਣ ਤੱਕ ਡੀਜੀਪੀ ਦੇ ਜਾਅਲੀ ਦਸਤਖ਼ਤ ਕਰਕੇ ਮੁਲਜ਼ਮਾਂ ਵੱਲੋਂ 4 ਸੂਚੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ 11 ਪੁਲਿਸ ਮੁਲਾਜ਼ਮਾਂ ਦੀ ਤਰੱਕੀ ਸੂਚੀ ਤੋਂ ਇਲਾਵਾ ਦੋ ਵਿਅਕਤੀਆਂ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ’ਤੇ ਭਰਤੀ ਕਰਨਾ, ਇੰਸਪੈਕਟਰ ਸਤਵੰਤ ਸਿੰਘ ਦੀ ਖ਼ਰਾਬ ਏ.ਸੀ.ਆਰ ਨੂੰ ਠੀਕ ਕਰਨ ਤੋਂ ਇਲਾਵਾ ਦੋ ਹੋਰ ਮੁਲਾਜ਼ਮਾਂ ਦੀ ਤਰੱਕੀ ਸੂਚੀ ਜਾਰੀ ਕਰਨਾ ਸ਼ਾਮਲ ਹੈ।
ਇਸ ਦੇ ਨਾਲ ਹੀ ਪੁਲਿਸ ਅਨੁਸਾਰ ਕੁਲਵਿੰਦਰ ਸਿੰਘ ਕੋਲ ਜਾਅਲੀ ਤਰੱਕੀ ਸੂਚੀ ਜਾਰੀ ਕਰਨ ਦੀ ਸਾਰੀ ਜਾਣਕਾਰੀ ਸੀ ਅਤੇ ਉਸ ਨੇ ਸੂਚੀ ਜਾਰੀ ਕਰਵਾਉਣ ਵਿਚ ਮਾਸਟਰ ਮਾਈਂਡ ਹਰਵਿੰਦਰ ਸਿੰਘ ਦੀ ਮਦਦ ਕੀਤੀ ਸੀ।