ਲੀਡਰਾਂ ਨੂੰ ਬੇਅਦਬੀ ਕਾਂਡ ਸਬੰਧੀ ਪੁੱਛੇ ਜਾਣ ਸਖ਼ਤ ਸਵਾਲ ਕਿ ਇਨਸਾਫ ਕਿਉਂ ਨਹੀਂ : ਖੰਡਾ

ਏਜੰਸੀ

ਖ਼ਬਰਾਂ, ਪੰਜਾਬ

ਲੀਡਰਾਂ ਨੂੰ ਬੇਅਦਬੀ ਕਾਂਡ ਸਬੰਧੀ ਪੁੱਛੇ ਜਾਣ ਸਖ਼ਤ ਸਵਾਲ ਕਿ ਇਨਸਾਫ ਕਿਉਂ ਨਹੀਂ : ਖੰਡਾ

image

ਅਕਾਲ ਤਖ਼ਤ ਸਾਹਿਬ ਤੋਂ ਜਬਰੀ ਹਟਾਏ ਗਏ ਪੰਜ ਪਿਆਰੇ ਪੁੱਜੇ ਬਹਿਬਲ ਮੋਰਚੇ 'ਚ

ਕੋਟਕਪੂਰਾ, 22 ਜਨਵਰੀ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦੇ ਮੁੱਦੇ 'ਤੇ ਹਾਅ ਦਾ ਨਾਹਰਾ ਮਾਰਨ ਵਾਲੇ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਦੀ ਡਿਊਟੀ ਤੋਂ ਜਬਰੀ ਸੇਵਾ ਮੁਕਤ ਕੀਤੇ ਗਏ ਭਾਈ ਸਤਨਾਮ ਸਿੰਘ ਖੰਡਾ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ ਦੇ 37ਵੇਂ ਦਿਨ ਹਾਜ਼ਰੀ ਭਰੀ | ਉਨ੍ਹਾਂ ਨਾਲ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਤਰਲੋਕ ਸਿੰਘ ਵੀ ਹਾਜ਼ਰ ਸਨ |
ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਖੰਡਾ ਨੇ ਦਸਿਆ ਕਿ ਜੇਕਰ ਪਾਵਨ ਸਰੂਪ ਚੋਰੀ ਕਰਨ ਤੋਂ ਬਾਅਦ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ 'ਤੇ ਲੱਗੇ ਹੱਥ ਲਿਖਤ ਪੋਸਟਰਾਂ ਦੇ ਮਾਧਿਅਮ ਰਾਹੀਂ ਦੋਸ਼ੀਆਂ ਨੂੰ  ਦਬੋਚ ਲਿਆ ਜਾਂਦਾ ਤਾਂ ਬੇਅਦਬੀ ਕਾਂਡ ਨਾ ਵਾਪਰਦਾ, ਨਾ ਦੋ ਸਿੱਖ ਨੌਜਵਾਨ ਸ਼ਹੀਦ ਹੁੰਦੇ, ਨਾ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਪੁਲਿਸੀਆ ਅੱਤਿਆਚਾਰ ਢਾਹਿਆ ਜਾਂਦਾ, ਨਾ ਜਾਂਚ ਕਮਿਸ਼ਨ ਅਤੇ ਨਾ ਹੀ ਐਸਆਈਟੀਜ਼ ਬਣਾਉਣ ਦੀ ਜ਼ਰੂਰਤ ਪੈਂਦੀ | ਸ਼ਬਦ ਗੁਰੂ ਪ੍ਰਚਾਰ ਅਤੇ ਅੰਮਿ੍ਤ ਸੰਚਾਰ ਜੱਥਾ ਨਾਂਅ ਦੀ ਜਥੇਬੰਦੀ ਰਾਹੀਂ ਗੁਰਮਤਿ ਪ੍ਰਚਾਰ ਕਰ ਰਹੇ ਸਤਨਾਮ ਸਿੰਘ ਖੰਡਾ ਨੇ ਦੋਸ਼ ਲਾਇਆ ਕਿ ਬੇਅਦਬੀ ਕਾਂਡ ਦੇ ਮੁੱਦੇ 'ਤੇ ਸਿਆਸੀ ਰੋਟੀਆਂ ਸੇਕ ਕੇ ਸੱਤਾ ਦਾ ਆਨੰਦ ਮਾਣਨ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਨਾ ਤਾਂ ਦੋਸ਼ੀਆਂ ਨੂੰ  ਸਜ਼ਾਵਾਂ ਦਿਵਾਉਣ ਦੀ ਅਤੇ ਨਾ ਹੀ ਪੀੜਤ ਪਰਵਾਰਾਂ ਨੂੰ  ਇਨਸਾਫ਼ ਦਿਵਾਉਣ ਦੀ ਜ਼ਰੂਰਤ ਸਮਝੀ ਗਈ | ਉਨ੍ਹਾਂ ਬਹਿਬਲ ਮੋਰਚੇ ਨੂੰ  ਅਪਣੀ ਜਥੇਬੰਦੀ ਦਾ ਸਮਰਥਨ ਦਿੰਦਿਆਂ ਆਖਿਆ ਕਿ ਉਹ ਮੋਰਚੇ ਵਿਚ ਸਮੇਂ-ਸਮੇਂ ਗੇੜਾ ਮਾਰਦੇ ਰਹਿਣਗੇ ਅਤੇ ਇਨਸਾਫ਼ ਮਿਲਣ ਤਕ ਉਨ੍ਹਾਂ ਦਾ ਸਮਰਥਨ ਬਣਿਆ ਰਹੇਗਾ |
ਪੰਜਾਬ ਭਰ ਦੇ ਵੋਟਰਾਂ ਨੂੰ  ਅਪੀਲ ਕਰਦਿਆਂ ਭਾਈ ਖੰਡਾ ਨੇ ਆਖਿਆ ਕਿ ਵੋਟਾਂ ਮੰਗਣ ਲਈ ਆਉਣ ਵਾਲੇ ਲੀਡਰਾਂ ਤੋਂ ਬੇਅਦਬੀ ਕਾਂਡ ਦੇ ਮੁੱਦੇ 'ਤੇ ਸਵਾਲ ਜਰੂਰ ਪੁੱਛੇ ਜਾਣ ਕਿ ਲੀਡਰਾਂ ਨੂੰ  ਅਪਣੇ ਗੁਰੂ ਨਾਲੋਂ ਜ਼ਿਆਦਾ ਵੋਟਾਂ ਅਰਥਾਤ ਕੁਰਸੀ ਦੀ ਜ਼ਰੂਰਤ ਕਿਉਂ ਹੁੰਦੀ ਹੈ?