ਪਿਛਲੇ 1 ਸਾਲ ਤੋਂ ਉਦਘਾਟਨ ਦਾ ਇੰਤਜ਼ਾਰ ਕਰ ਰਿਹਾ ਆਯੂਸ਼ ਹਸਪਤਾਲ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੀ ਸਰਕਾਰ ਵੇਲੇ ਫ਼ਿਰੋਜਪੁਰ ਕੌਮੀ ਮਾਰਗ ’ਤੇ ਸਵਾ ਛੇ ਕਰੋੜ ਦੀ ਲਾਗਤ ਨਾਲ ਆਯੂਸ਼ ਹਸਪਤਾਲ ਤਿਆਰ ਹੋਇਆ ਸੀ।

AYUSH Hospital waiting for opening for last 1 year

 

ਮੋਗਾ- ਪਿਛਲੀ ਸਰਕਾਰ ਵੇਲੇ ਫ਼ਿਰੋਜਪੁਰ ਕੌਮੀ ਮਾਰਗ ’ਤੇ ਸਵਾ ਛੇ ਕਰੋੜ ਦੀ ਲਾਗਤ ਨਾਲ ਆਯੂਸ਼ ਹਸਪਤਾਲ ਤਿਆਰ ਹੋਇਆ ਸੀ। ਇਹ 50 ਬਿਸਤਰਿਆਂ ਵਾਲਾ ਆਯੁਰਵੈਦਿਕ, ਯੋਗਾ ਅਤੇ ਨੈਚੁਰੋਪੈਥੀ, ਯੂਨਾਨੀ ਸਿੱਧੂ ਤੇ ਹੋਮੀਓਪੈਥੀ (ਆਯੂਸ਼) ਹਸਪਤਾਲ ਇੱਕ ਸਾਲ ਤੋਂ ਉਦਘਾਟਨ ਦੀ ਉਡੀਕ ਕਰ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਤਤਕਾਲੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 20 ਫ਼ਰਵਰੀ 2020 ਨੂੰ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ। ਇਸ ਦੇ ਨਾਲ ਹੀ ਉਸੇ ਦਿਨ ਹੀ 14 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਸਨ। ਜ਼ਿਲ੍ਹਾ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਨਵਦੀਪ ਸਿੰਘ ਬਰਾੜ ਨੇ ਹਸਪਤਾਲ ਇਮਾਰਤ ਤਿਆਰ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਸਪਤਾਲ ਲਈ ਡਾਕਟਰ ਸਣੇ ਲੋੜੀਂਦਾ ਸਟਾਫ਼ ਤੇ ਹੋਰ ਮਸ਼ੀਨਰੀ ਸਬੰਧੀ ਸੂਬਾ ਸਰਕਾਰ ਨੂੰ ਲਿਖਿਆ ਹੋਇਆ ਹੈ।

ਨਿਰਮਾਣ ਕੰਪਨੀ ਦੇ ਠੇਕੇਦਾਰ ਅਨੁਸਾਰ ਹਸਪਤਾਲ ਦੀ ਇਮਾਰਤ 6 ਜਨਵਰੀ 2022 ਨੂੰ ਤਿਆਰ ਹੋ ਗਈ ਸੀ। ਪੰਜ ਕਨਾਲਾਂ ਜ਼ਮੀਨ ’ਚ ਬਣੇ ਇਸ ਹਸਪਤਾਲ ਲਈ ਪਿੰਡ ਦੁਨੇਕੇ ਦੀ ਪੰਚਾਇਤ ਨੇ ਮੁਫ਼ਤ ਜ਼ਮੀਨ ਦਿੱਤੀ ਸੀ। ਇਸ ਪ੍ਰਾਜੈਕਟ ਤਹਿਤ ਇਮਾਰਤ ਦੀ ਉਸਾਰੀ ਲਈ ਸਵਾ ਛੇ ਕਰੋੜ ਅਤੇ ਫਰਨੀਚਰ ਤੇ ਹੋਰ ਸਾਮਾਨ ਲਈ ਸਵਾ ਤਿੰਨ ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ। 

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਸਕੂਲਾਂ ਵਿੱਚ ਖੋਲ੍ਹੇ ਜਾਣਗੇ ਸਿਹਤ ਕੇਂਦਰ: ਜਾਣੋ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਮਿਲੇਗਾ ਇਲਾਜ

ਕੌਮੀ ਆਯੂਸ਼ ਮਿਸ਼ਨ ਦੇ ਆਯੂਸ਼ ਸੇਵਾ ਹਸਪਤਾਲ ਤਹਿਤ ਐੱਸਏਐੱਸ ਨਗਰ ਮਗਰੋਂ ਇਹ ਦੂਜੀ ਇਮਾਰਤ ਦੀ ਉਸਾਰੀ ਕਰਵਾਈ ਗਈ ਹੈ। ਸੂਬੇ ਦੇ ਸਿਹਤ ਮੰਤਰੀ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਆਯੂਸ਼ ਹਸਪਤਾਲ ਨੂੰ ਸ਼ੁਰੂ ਕਰਵਾਉਣ ਦੇ ਸਵਾਲ ’ਤੇ ਟਾਲਾ ਵੱਟਦਿਆਂ ਕਿਹਾ ਕਿ ਸੂਬੇ ਵਿੱਚ 26 ਜਨਵਰੀ ਤੱਕ ਆਮ ਆਦਮੀ ਕਲੀਨਿਕਾਂ ਦੀ ਗਿਣਤੀ 500 ਕਰ ਦਿੱਤੀ ਜਾਵੇਗੀ। ਜਲਦੀ ਹੀ ‘ਹੋਲਿਸਟਿਕ ਹੈਲਥ ਕੇਅਰ‘ ਪ੍ਰਾਜੈਕਟ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਪਹਿਲੇ ਗੇੜ ਵਿੱਚ ਹਰੇਕ ਵਿਧਾਨ ਸਭਾ ਹਲਕੇ ’ਚ ਇਕ-ਇਕ ਅਜਿਹਾ ਸੈਂਟਰ ਖੋਲ੍ਹਿਆ ਜਾਵੇਗਾ, ਜਿਥੇ ਲੋਕਾਂ ਨੂੰ ਹਾਈਪਰਟੈਂਸ਼ਨ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਤੇ ਤੰਦਰੁਸਤ ਜੀਵਨ ਜਿਊਣ ਦੀ ਜਾਚ ਸਿਖਾਈ ਜਾਵੇਗੀ।