ਅਟਾਰੀ-ਵਾਹਗਾ ਸਰਹੱਦ ‘ਤੇ ਪਾਕਿਸਤਾਨੀ ਨਾਗਰਿਕ ਦੇਸ਼ ਪਰਤਣ ਲਈ ਹੋਏ ਕਾਹਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਹਮਲੇ ‘ਚ ਸੀਆਰਪੀਐਫ਼ ਦੇ 44 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਕਾਫ਼ੀ ਜ਼ਿਆਦਾ ਵਧ ਗਿਆ ਹੈ। ਇਸੇ ਲਈ ...

Lahore to Delhi Bus

ਅੰਮ੍ਰਿਤਸਰ : ਪੁਲਵਾਮਾ ਹਮਲੇ ‘ਚ ਸੀਆਰਪੀਐਫ਼ ਦੇ 44 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਕਾਫ਼ੀ ਜ਼ਿਆਦਾ ਵਧ ਗਿਆ ਹੈ। ਇਸੇ ਲਈ ਉਹ ਅਟਾਰੀ-ਵਾਹਗਾ ਸਰਹੱਦ ਉੱਤੇ ਸਥਿਤ ਇੰਟੈਗਰੇਡਡ ਚੈੱਕ ਪੋਸਟ ਉੱਤੇ ਬਹੁਤ ਸਾਰੇ ਪਾਕਿਸਤਾਨੀਆਂ ਨੂੰ ਬਹੁਤ ਕਾਹਲੀ-ਕਾਹਲੀ ਅਪਣੇ ਦੇਸ਼ ਵਾਪਸ ਜਾਂਦਿਆਂ ਵੇਖਿਆ ਜਾ ਸਕਦਾ ਹੈ। ਅੱਜ ਸ਼ੁੱਕਰਵਾਰ ਨੂੰ ਅਟਾਰੀ ਬਾਰਡਰ ਉੱਤੇ ਹਾਲਾਤ ਅਜਿਹੇ ਹੀ ਸਨ। ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਦੋਵੇਂ ਗੁਆਂਢੀ ਦੇਸ਼ਾ ਵਿਚਾਲੇ ਹੋਣ ਵਾਲੇ ਕਾਰੋਬਾਰ ਉੱਤੇ ਮਾੜਾ ਅਸਰ ਪਿਆ ਹੈ।

ਉੱਥੇ ਭਾਰਤ ਪੁੱਜੇ ਹੋਏ ਪਾਕਿਸਤਾਨੀ ਨਾਗਰਿਕਾ ਵਿੱਚ ਹੁਣ ਅਸੁਰੱਖਿਆ ਦੀ ਭਾਵਨਾ ਸਪੱਸ਼ਟ ਝਲਕ ਰਹੀ ਹੈ। ਦੇਸ਼ ਭਰ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਧਮਕੀਆਂ ਮਿਲਣ ਤੋਂ ਬਾਅਦ ਅਜਿਹਾ ਅਸੁਰੱਖਿਆ ਵਾਲਾ ਮਾਹੌਲ ਪੈਦਾ ਹੋਇਆ ਹੈ। 40 ਸਾਲਾ ਹੁਫ਼ੈਜ਼ ਅੱਠ ਫ਼ਰਵਰੀ ਨੂੰ ਜੋਧਪੁਰ ਸਰੱਦੀ ਲਾਂਖੇ ਰਾਹੀ ਭਾਰਤ ਆਏ ਸਨ। ਉਨ੍ਹਾਂ ਨੇ ਰਾਜਸਥਾਨ ਵਿਚ ਅਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਸੀ ਤੇ ਹਾਲੇ ਕੁਝ ਹੋਰ ਦਿਨ ਇੱਥੇ ਟਿਕਣਾ ਸੀ ਪਰ ਉਨ੍ਹਾਂ ਹਾਲਾਤ ਤਣਾਅਪੁਰਨ ਵੇਖਦਿਆਂ ਅਪਣਾ ਦੌਰਾ ਜਲਦੀ ਸਮੇਟ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਾਲੇ ਕੁਝ ਹੋਰ ਥਾਵਾਂ ਉੱਤੇ ਵੀ ਜਾਣਾ ਸੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਯੂ-ਟਿਊਬ ਉੱਤੇ ਇੱਕ ਵੀਡੀਓ ਵੇਖੀ ਸੀ, ਜਿਸ ਵਿਚ ਪਾਕਿਸਤਾਨੀਆਂ ਨੂੰ 48 ਘੰਟਿਆਂ ਅੰਦਰ ਭਾਰਤ ਛੱਡ ਕੇ ਜਾਣ ਲਈ ਆਖਿਆ ਜਾ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਰਾਜਸਥਾਨ ਵਿਚ ਬੀਕਾਨੇਰ ਦੇ ਜ਼ਿਲ੍ਹਾ ਮੈਜ਼ਿਸਟ੍ਰੇਟ ਨੇ ਸਥਾਨਕ ਹੋਟਲਾਂ, ਸਰਾਵਾਂ ਤੇ ਅਜਿਹੇ ਹੋਰ ਟਿਕਾਣਿਆਂ ਲਈ ਇੱਕ ਹੁਕਮ ਜਾਰੀ ਕੀਤੀ ਸੀ ਕਿ ਉਹ ਪਾਕਿਸਤਾਨੀ ਨਾਗਰਿਕਾਂ ਲਈ ਕੋਈ ਵੀ ਬੁਕਿੰਗ ਨਾ ਕਰਨ। ਇੱਕ ਟੈਕਸੀ ਰਾਹੀ ਅਟਾਰੀ ਬਾਰਡਰ ਉੱਤੇ ਪੁੱਜੇ 55 ਸਾਲਾ ਫ਼ਿਰੋਜ਼ ਅਹਿਮਦ ਦੇ ਪਰਵਾਰਕ ਮੈਂਬਰ ਵੀ ਅੱਜ ਪਾਕਿਸਤਾਨ ਪਰਤਣ ਲਈ ਕਾਹਲੇ ਵਿਖਾਈ ਦਿੱਤੇ। ਉਹ ਵੀ ਕਰਾਚੀ ਤੋਂ ਹਨ।

ਉਨ੍ਹਾਂ ਨਾਲ ਉਨ੍ਹਾ ਦੀ ਪਤਨੀ ਤੇ ਪੁੱਤਰ ਵੀ ਸਨ। ਸ਼੍ਰੀ ਫ਼ਿਰੋਜ਼ ਨੇ ਦੱਸਿਆ ਕਿ ਉਹ ਛੇਤੀ ਤੋਂ ਛੇਤੀ ਪਾਕਿਸਤਾਨ ਪਰਤਣਾ ਚਾਹੁੰਦੇ ਹਨ। ਪਰ ਸਿੰਧ ਸੂਬੇ ਦੇ ਸ਼ੰਕਰ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਵਿਚ ਕੋਈ ਖ਼ਤਰਾ ਵਿਖਾਈ ਨਹੀਂ ਦੇ ਰਿਹਾ, ਸਗੋਂ ਉਹ ਇੱਥੇ ਸੁਰੱਖਿਅਤ ਹਨ। ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਬੱਸ ਸਦਾ-ਏ-ਸਰਹੱਦ ਲਾਹੌਰ ਤੋਂ ਨਵੀਂ ਦਿੱਲੀ ਵਿਚਾਲੇ ਚੱਲਦੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਬੱਸ ਦੀਆਂ ਸਵਾਰੀਆਂ ਦੀ ਗਿਣਤੀ ਉੱਤੇ ਕਿਸੇ ਕਿਸਮ ਦਾ ਕੋਈ ਅਸਰ ਨਹੀਂ ਵੇਖਿਆ ਗਿਆ। ਪਰ ਅਟਾਰੀ ਦੇ ਇੱਕ ਦੁਕਾਨਦਾਰ ਅਮਿਤ ਦਿਕਸ਼ਤ ਨੇ ਕਿਹਾ ਕਿ ਪਾਕਿਸਤਾਨ ਤੋਂ ਆਉਣ ਵਾਲੇ ਮੁਸਾਫ਼ਰਾਂ ਦੀ ਗਿਣਤੀ ਵਿਚ ਹਾਲੇ ਮਾਮੂਲੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।