ਖ਼ੁਫ਼ੀਆ ਸੂਚਨਾ ਦੀ ਕਮੀ ਕਾਰਨ ਹੋਇਆ ਪੁਲਵਾਮਾ ਅਤਿਵਾਦੀ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਹਮਲੇ ਨੂੰ ਲੈ ਕੇ ਜਿੱਥੇ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਉਥੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਵੀ ਇਹ ਮੰਨਿਆ ਹੈ ਕਿ ਪੁਲਵਾਮਾ...

Pulwama Attack

ਚੰਡੀਗੜ੍ਹ : ਪੁਲਵਾਮਾ ਹਮਲੇ ਨੂੰ ਲੈ ਕੇ ਜਿੱਥੇ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਉਥੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਵੀ ਇਹ ਮੰਨਿਆ ਹੈ ਕਿ ਪੁਲਵਾਮਾ ਹਮਲਾ ਖ਼ੁਫ਼ੀਆ ਸੂਚਨਾ ਦੀ ਕਮੀ ਦੇ ਕਾਰਨ ਹੋਇਆ ਸੀ। ਦਰਅਸਲ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਦਾ ਨਾਂਅ ਖ਼ੁਫ਼ੀਆ ਏਜੰਸੀਆਂ ਦੀ ਸੂਚੀ ਵਿਚ ‘ਸੀ’ ਸ਼੍ਰੇਣੀ ਵਿਚ ਸ਼ਾਮਲ ਸੀ। ਯਾਨੀ ਕਿ ਉਸ ਨੂੰ ਬਹੁਤ ਘੱਟ ਘਾਤਕ ਮੰਨਿਆ ਗਿਆ ਸੀ।

ਉਸ ਦੇ ਅਤਿਵਾਦੀ ਰੋਧੀ ਏਜੰਸੀਆਂ ਦੇ ਰਾਡਾਰ ਤੋਂ ਬਾਹਰ ਹੋਣ ਦਾ ਸਭ ਤੋਂ ਵੱਡਾ ਕਾਰਨ ਮਨੁੱਖੀ ਗੁਪਤ ਸੂਚਨਾ ਦਾ ਕਮਜ਼ੋਰ ਹੋਣਾ ਸੀ। ਪਿਛਲੇ ਪੰਜ ਸਾਲਾਂ ਵਿਚ ਦੇਸੀ ਮੁਖ਼ਬਰਾਂ 'ਤੇ ਪਾਕਿਸਤਾਨ ਨੇ ਕਈ ਵੱਡੇ ਹਮਲੇ ਕੀਤੇ ਹਨ। ਦਸੰਬਰ 2018 ਨੂੰ ਅਪਡੇਟ ਕੀਤੇ ਗਏ ਡਾਟਾਬੇਸ ਤੋਂ ਪਤਾ ਚੱਲਿਆ ਹੈ ਕਿ ਕਾਮਰਾਨ ਅਤੇ ਫਰਹਾਨ ਦੀ ਹਾਜ਼ਰੀ ਦੇ ਬਾਰੇ ਵੀ ਕੋਈ ਸੂਚਨਾ ਨਹੀਂ ਸੀ। ਦੋਵੇਂ ਪਾਕਿਸਤਾਨੀ ਜੈਸ਼ ਦੇ ਕਮਾਂਡਰ ਸਨ ਅਤੇ ਉਨ੍ਹਾਂ ਨੂੰ ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਪੁਲਵਾਮਾ ਵਿਚ ਮਾਰ ਸੁੱਟਿਆ ਸੀ।

ਹੈਰਾਨੀ ਦੀ ਗੱਲ ਹੈ ਕਿ ਸੁਰੱਖਿਆ ਬਲਾਂ ਨੂੰ ਜੈਸ਼ ਕਮਾਂਡਰਾਂ ਦੀ ਪਛਾਣ ਨੂੰ ਲੈ ਕੇ ਅਣਜਾਣ ਸਨ ਕਿਉਂਕਿ ਉਨ੍ਹਾਂ ਸਬੰਧੀ ਕੋਈ ਖ਼ੁਫ਼ੀਆ ਜਾਣਕਾਰੀ ਹੀ ਨਹੀਂ ਸੀ। ਅਤਿਵਾਦ ਰੋਧੀ ਦਸਤੇ ਦੇ ਇਕ ਅਧਿਕਾਰੀ ਨੇ ਵੀ ਇਸ ਨੂੰ ਮੰਨਿਆ ਕਿ ਅਸੀਂ ਉਨ੍ਹਾਂ ਦੀ ਅਸਲ ਪਛਾਣ ਨੂੰ ਲੈ ਕੇ ਦੁਚਿੱਤੀ ਵਿਚ ਸੀ ਕਿਉਂਕਿ ਪਾਕਿਸਤਾਨੀ ਫ਼ੌਜ ਅਤੇ ਆਈਐਸਆਈ ਭਾਰਤੀ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ਦੇ ਕੋਡ ਨਾਮ ਰੱਖਦੀ ਹੈ।

ਇਹੀ ਵਜ੍ਹਾ ਹੈ ਕਿ ਪਤਾ ਨਹੀਂ ਚੱਲ ਸਕਿਆ ਕਿ ਅਬਦੁਲ ਰਾਸ਼ਿਦ ਗਾਜ਼ੀ ਨਾਂ ਦਾ ਵੀ ਕੋਈ ਅਤਿਵਾਦੀ ਹੈ ਜੋ ਕਥਿਤ ਤੌਰ 'ਤੇ ਆਈਈਡੀ ਮਾਹਿਰ ਹੈ ਅਤੇ ਉਸ ਨੇ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਨੂੰ ਟ੍ਰੇਨਿੰਗ ਦਿਤੀ ਸੀ। ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 2016 ਵਿਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਪਾਕਿਸਤਾਨੀ ਫ਼ੌਜ ਅਤੇ ਆਈਐਸਆਈ ਨੇ ਕਸ਼ਮੀਰ ਦੇ ਸਥਾਨਕ ਲੋਕਾਂ ਵਿਰੁਧ ਇਕ ਮੁਹਿੰਮ ਸ਼ੁਰੂ ਕੀਤੀ ਹੈ,

ਜਿਸ ਤਹਿਤ ਪਾਕਿਸਤਾਨੀ ਅਤਿਵਾਦੀਆਂ ਨੇ 180 ਲੋਕਾਂ ਦੀ ਹੱਤਿਆ ਕਰ ਦਿਤੀ ਹੈ। ਇਨ੍ਹਾਂ ਵਿਚੋਂ ਕੁੱਝ ਮੁਖ਼ਬਰ ਸਨ। ਇਸ ਕਾਰਨ ਜ਼ਮੀਨੀ ਪੱਧਰ 'ਤੇ ਗੁਪਤ ਸੂਚਨਾਵਾਂ ਦਾ ਕੰਮ ਕਮਜ਼ੋਰ ਪੈ ਗਿਆ ਪਰ ਹੁਣ ਫਿਰ ਤੋਂ ਕਮਜ਼ੋਰ ਹੋਏ ਖ਼ੁਫ਼ੀਆ ਤੰਤਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।