ਫੂਲਕਾ ਅਤੇ ਖਹਿਰਾ ਦੇ ਅਸਤੀਫ਼ੇ ਦੀ ਕਾਨੂੰਨੀ ਪ੍ਰਕ੍ਰਿਆ ਪੂਰੀ ਨਹੀਂ ਹੋਈ : ਸਪੀਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜ ਫਿਰ ਪੰਜਾਬ ਵਿਧਾਨ ਸਭਾ ਵਿਚ ਆਪ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਅਤੇ ਸੁਖਪਾਲ ਸਿੰਘ ਖਹਿਰਾ ਦੇ ਅਸਤੀਫ਼ੇ ਦਾ ਮਾਮਲਾ ਉਠਿਆ.......

H S Phoolka

ਚੰਡੀਗੜ੍ਹ  : ਅਜ ਫਿਰ ਪੰਜਾਬ ਵਿਧਾਨ ਸਭਾ ਵਿਚ ਆਪ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਅਤੇ ਸੁਖਪਾਲ ਸਿੰਘ ਖਹਿਰਾ ਦੇ ਅਸਤੀਫ਼ੇ ਦਾ ਮਾਮਲਾ ਉਠਿਆ। ਪਰਮਿੰਦਰ ਸਿੰਘ ਢੀਂਡਸਾ ਨੇ ਸਿਫ਼ਰ ਕਾਲ 'ਚ ਇਹ ਮਾਮਲਾ ਉਠਾਉਂਦਿਆਂ ਕਿਹਾ ਕਿ ਸੰਵਿਧਾਨ 'ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੋਣ ਵਿਧਾਨ ਸਭਾ ਦਾ ਮੈਂਬਰ ਹੋ ਸਕਦਾ ਹੈ, ਅਸਤੀਫ਼ਾ ਦੇਣ ਬਾਰੇ ਅਤੇ ਪ੍ਰਵਾਨ ਕਰਨ ਬਾਰੇ ਸਭ ਕੁਝ ਸਪੱਸ਼ਟ ਹੈ। ਬਾਹਰ ਜਾ ਕੇ ਸੁਖਪਾਲ ਸਿੰਘ ਖਹਿਰਾ ਅਤੇ ਹਰਵਿੰਦਰ ਸਿੰਘ ਫੂਲਕਾ ਕਹਿੰਦੇ ਹਨ ਕਿ ਉਨ੍ਹਾਂ ਅਪਣੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ ਹੈ।

ਫਿਰ ਜਦ ਦਿਲ ਕਰਦਾ  ਹੈ ਤਾਂ ਸ. ਫੂਲਕਾ ਹਾਊਸ ਵਿਚ ਆਉਂਦੇ ਹਨ ਅਤੇ ਹਾਊਸ ਵਿਚੋਂ ੋਗ਼ਾਇਬ ਹੋ ਜਾਂਦੇ ਹਨ। ਉਹ ਸਰਕਾਰੀ ਭੱਤੇ ਲੈਂਦੇ ਹਨ, ਤਨਖ਼ਾਹਾਂ ਲੈਂਦੇ ਹਨ, ਸਰਕਾਰੀ ਸਹੂਲਤਾਂ ਦਾ ਅਨੰਦ ਮਾਣਦੇ ਹਨ ਫਿਰ ਉਨ੍ਹਾਂ ਦਾ ਅਸਤੀਫ਼ਾ ਪ੍ਰਾਵਾਨ ਹੋਇਆ ਹੈ ਜਾਂ ਨਹੀਂ? ਇਹ ਹਾਊਸ ਜਾਨਣਾ ਚਾਹੁੰਦਾ ਹੈ। ਸਪੀਕਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ। ਸ. ਫੂਲਕਾ ਨੂੰ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦਾ ਅਸਤੀਫ਼ਾ ਨਿਯਮਾਂ ਦੀਆਂ ਸ਼ਰਤਾਂ ਅਨੁਸਾਰ ਨਹੀਂ ਹੈ। ਇਸ ਨੂੰ ਠੀਕ ਕਰ ਕੇ ਦਿਉ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਅਸਤੀਫ਼ਾ ਸਹੀ ਢੰਗ ਨਾਲ ਦਿਤਾ ਹੈ।

ਹੁਣ ਉਹ ਸ. ਫੂਲਕਾ ਦਾ ਅਸਤੀਫ਼ਾ ਕਾਨੂੰਨੀ ਮਹਿਕਮੇ ਨੂੰ ਕਾਨੂੰਨੀ ਰਾਏ ਲਈ ਭੇਜਣਗੇ। ਜਿਥੋਂ ਤਕ ਸ. ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਹੈ, ਉਨ੍ਹਾਂ ਨੂੰ ਕਈ ਵਾਰ ਲਿਖਤੀ ਨੋਟਿਸ ਭੇਜਿਆ ਗਿਆ। ਉਹ ਹਾਜ਼ਰ ਨਹੀਂ ਹੋਏ। ਹੁਣ ਵਿਧਾਨ ਸਭਾ ਵਲੋਂ ਇਸ ਸਬੰਧੀ ਅਖ਼ਬਾਰਾਂ 'ਚ ਇਸ਼ਤਿਹਾਰ ਦਿਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਉਹ ਇਨ੍ਹਾਂ ਦੋਹਾਂ ਮੈਂਬਰਾਂ ਦੇ ਅਸਤੀਫ਼ੇ ਬਾਰੇ ਫ਼ੈਸਲਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ 2 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਸਾਰੀ ਪ੍ਰਕ੍ਰਿਆ ਪੂਰੀ ਕਰਨਾ ਜ਼ਰੂਰੀ ਹੈ। ਜੇਕਰ ਫਿਰ ਵੀ ਕੋਈ ਮੈਂਬਰ ਸੰਤੁਸ਼ਟ ਨਹੀਂ ਉਹ ਅਦਾਲਤ 'ਚ ਜਾ ਸਕਦਾ ਹੈ।