ਕਿਸਾਨ ਅੰਦੋਲਨ ਬਾਰੇ ਖੇਤੀ ਮੰਤਰੀ ਤੋਮਰ ਦੇ ਬਿਆਨ ਨਾਲ ਸ਼ਬਦੀ ਜੰਗ ਤੇਜ਼ ਹੋਈ
ਕਿਸਾਨ ਅੰਦੋਲਨ ਬਾਰੇ ਖੇਤੀ ਮੰਤਰੀ ਤੋਮਰ ਦੇ ਬਿਆਨ ਨਾਲ ਸ਼ਬਦੀ ਜੰਗ ਤੇਜ਼ ਹੋਈ
ਭੀੜ ਇਕੱਠੀ ਕਰਨ ਦਾ ਮਤਲਬ ਇਹ ਨਹੀਂ ਕਿ ਭੀੜ ਨੂੰ ਵੇਖ ਕੇ ਕਾਨੂੰਨ ਰੱਦ ਹੋ ਜਾਣਗੇ : ਤੋਮਰ
ਨਵੀਂ ਦਿੱਲੀ, 22 ਫ਼ਰਵਰੀ: ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਨੂੰ ਲੈ ਕੇ ਬਿਆਨ ਦਿਤਾ ਹੈ | ਤੋਮਰ ਨੇ ਕਿਹਾ ਕਿ ਸਿਰਫ਼ ਭੀੜ ਇਕੱਠੀ ਕਰਨਾ ਕਾਨੂੰਨਾਂ ਦੇ ਰੱਦ ਹੋਣ ਦੀ ਅਗਵਾਈ ਨਹੀਂ ਕਰਦਾ, ਅਜਿਹਾ ਨਹੀਂ ਹੁੰਦਾ | ਭੀੜ ਇਕੱਠੀ ਕਰਨ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਰੱਦ ਹੋਣਗੇ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਾਂ ਅਤੇ ਇਸ ਦੇ ਨਾਲ ਹੀ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਵੀ ਕੀਤੀ ਹੈ |
ਉਨ੍ਹਾਂ ਕਿਹਾ ਕਿ ਕਿਸਾਨ, ਸਰਕਾਰ ਨੂੰ ਦੱਸਣ ਕਿ ਇਨ੍ਹਾਂ ਨਵੇਂ ਖੇਤੀ ਕਾਨੂੰਨਾਂ 'ਚ ਉਨ੍ਹਾਂ ਨੂੰ ਕਿਸਾਨ ਵਿਰੋਧੀ ਕੀ ਨਜ਼ਰ ਆਉਂਦਾ ਹੈ | ਸਰਕਾਰ ਇਸ ਨੂੰ ਸਮਝਣ ਅਤੇ ਸੋਧ ਕਰਨ ਲਈ ਤਿਆਰ ਹੈ | ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੀ ਇਹ ਗੱਲ ਆਖ ਚੁਕੇ ਹਨ | ਕਿਸਾਨਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਾਨੂੰਨਾਂ 'ਚ ਕਿਹੜੀਆਂ ਵਿਵਸਥਾਵਾਂ ਉਨ੍ਹਾਂ ਲਈ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ |
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਜਿਹੀ ਅਪੀਲ ਕਰ ਕੇ ਇਕ ਵਾਰ ਮੁੜ ਪੁਰਾਣਾ ਰਾਗ ਅਲਾਪਿਆ ਹੈ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਵੇਦਨਸ਼ੀਲਤਾ ਨਾਲ ਇਸ ਮੁੱਦੇ 'ਤੇ ਵਿਚਾਰ ਕਰਦੇ ਹੋਏ, ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ 11 ਦੌਰ ਦੀ ਗੱਲਬਾਤ ਕੀਤੀ ਪਰ ਕਿਸੇ ਸਿੱਟੇ 'ਤੇ ਨਹੀਂ ਪੁੱਜੀ | ਤੋਮਰ ਨੇ ਕਿਹਾ ਕਿ ਇਤਰਾਜ਼ਾਂ ਦੇ ਆਧਾਰ 'ਤੇ ਫ਼ੈਸਲਾ ਨਹੀਂ ਲਿਆ ਜਾ ਸਕਦਾ | ਜਦੋਂ ਉਨ੍ਹਾਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਵੇਂ ਕਾਨੂੰਨਾਂ 'ਚ ਕਿਸਾਨਾਂ ਨੂੰ ਇਹ ਦਸਣਾ ਚਾਹੀਦਾ ਹੈ ਕਿ ਕਿਸਾਨ ਵਿਰੋਧੀ ਕੀ ਹੈ? (ਏਜੰਸੀ)