ਪੁਡੂਚੇਰੀ 'ਚ ਡਿੱਗੀ ਕਾਂਗਰਸ ਦੀ ਸਰਕਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਡੂਚੇਰੀ 'ਚ ਡਿੱਗੀ ਕਾਂਗਰਸ ਦੀ ਸਰਕਾਰ

image


ਬਹੁਮਤ ਸਾਬਤ ਨਹੀਂ ਕਰ ਸਕੇ ਨਾਰਾਇਣਸਾਮੀ, ਦਖਣੀ ਭਾਰਤ 'ਚ ਕਾਂਗਰਸ ਦਾ ਪੱਤਾ ਸਾਫ਼


ਨਵੀਂ ਦਿੱਲੀ, 22 ਫ਼ਰਵਰੀ: ਪੁਡੂਚੇਰੀ ਵਿਚ ਸਰਕਾਰ ਡਿੱਗਣ ਤੋਂ ਬਾਅਦ ਕਾਂਗਰਸ ਨੇ ਦਖਣੀ ਭਾਰਤ ਵਿਚ ਕਰਨਾਟਕ ਤੋਂ ਬਾਅਦ ਦੂਜਾ ਸੂਬਾ ਵੀ ਗਵਾ ਦਿਤਾ ਹੈ | ਕਿਸੇ ਸਮੇਂ ਕਾਂਗਰਸ ਦੇ ਮਜ਼ਬੂਤ ਗੜ੍ਹ ਮੰਨੇ ਜਾਂਦੇ ਦਖਣ ਵਿਚ ਅੱਜ ਪਾਰਟੀ ਸਾਰੇ ਸੂਬਿਆਂ ਵਿਚ ਸੱਤਾ ਤੋਂ ਬਾਹਰ ਹੋ ਚੁਕੀ ਹੈ |  
ਪੁਡੂਚੇਰੀ 'ਚ ਕਾਂਗਰਸ-ਡੀ. ਐਮ. ਕੇ. ਸਰਕਾਰ ਅਪਣਾ ਬਹੁਮਤ ਨਹੀਂ ਸਾਬਤ ਕਰ ਸਕੀ | ਵਿਸ਼ਵਾਸ ਮਤ ਪ੍ਰੀਖਣ 'ਤੇ ਵੋਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ 
ਵੀ. ਨਾਰਾਇਣਸਾਮੀ ਨੇ ਸਦਨ ਤੋਂ ਵਾਕ ਆਊਟ ਕਰ ਦਿਤਾ |  ਪੁਡੂਚੇਰੀ 'ਚ ਸਰਕਾਰ ਡਿੱਗਣ ਤੋਂ ਬਾਅਦ ਦਖਣੀ ਭਾਰਤ 'ਚ ਕਰਨਾਟਕ ਤੋਂ ਬਾਅਦ ਸੂਬਾ ਗਵਾ ਦਿਤਾ | 
ਇਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੇ ਐਲਾਨ ਕੀਤਾ ਕਿ ਸਰਕਾਰ ਨੇ ਅਪਣਾ ਬਹੁਮਤ ਗੁਆ ਲਿਆ ਹੈ | ਕਾਂਗਰਸ ਦੇ ਪੰਜ ਵਿਧਾਇਕਾਂ ਅਤੇ ਇਸ ਦੀ ਸਹਿਯੋਗੀ ਪਾਰਟੀ ਡੀ. ਐਮ. ਕੇ. ਦੇ ਇਕ ਵਿਧਾਇਕ ਵਲੋਂ ਅਸਤੀਫ਼ਾ ਦਿਤੇ ਜਾਣ ਮਗਰੋਂ ਨਾਰਾਇਣਸਵਾਮੀ ਦੀ ਸਰਕਾਰ ਘੱਟ ਗਿਣਤੀ 'ਚ ਆ ਗਈ ਸੀ |
ਨਾਰਾਇਣਸਾਮੀ ਕੋਲ 9 ਵਿਧਾਇਕਾਂ ਤੋਂ ਇਲਾਵਾ 2 ਡੀ.ਐੱਮ.ਕੇ. ਅਤੇ ਇਕ ਆਜ਼ਾਦ ਵਿਧਾਇਕ ਦਾ ਸਮਰਥਨ ਸੀ | ਉਨ੍ਹਾਂ ਕੋਲ 12 ਵਿਧਾਇਕ ਸਨ, ਜਦੋਂ ਕਿ ਜਾਦੂਈ ਅੰਕੜਾ 14 ਦਾ ਸੀ ਜਿਸ ਕਾਰਨ ਸ਼ਕਤੀ ਪ੍ਰੀਖਣ 'ਚ ਨਾਰਾਇਣਸਾਮੀ ਨੂੰ  ਨਾਕਾਮੀ ਝੱਲਣੀ ਪਈ | ਪੁਡੂਚੇਰੀ 'ਚ ਕਾਂਗਰਸ ਦੀ ਸਰਕਾਰ ਡਿੱਗਣ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ 'ਤੇ ਵਿਅੰਗ ਕੱਸਿਆ ਹੈ | ਭਾਜਪਾ ਨੇਤਾ ਅਮਿਤ ਮਾਲਵੀਏ ਨੇ ਕਿਹਾ ਕਿ ਰਾਹੁਲ ਪੁਡੂਚੇਰੀ ਗਏ ਸਨ ਅਤੇ ਉਥੇ ਉਨ੍ਹਾਂ ਦੀ ਸਰਕਾਰ ਡਿੱਗ ਗਈ ਹੈ |
ਹਾਲ ਹੀ ਵਿਚ ਕਈ ਕਾਂਗਰਸ ਵਿਧਾਇਕਾਂ ਅਤੇ ਬਾਹਰ ਤੋਂ ਸਮਰਥਨ ਦੇ ਰਹੇ ਦਰਮੁਕ ਦੇ ਵਿਧਾਇਕ ਦੇ ਅਸਤੀਫ਼ੇ ਕਾਰਨ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰ  ਮੁਸ਼ਕਲ ਵਿਚ ਆ ਗਈ ਸੀ | 5 ਕਾਂਗਰਸ ਵਿਧਾਇਕਾਂ ਅਤੇ ਇਕ ਦਰਮੁਕ ਵਿਧਾਇਕ ਦੇ ਐਤਵਾਰ ਨੂੰ  ਅਸਤੀਫ਼ਾ ਦੇਣ ਤੋਂ ਬਾਅਦ ਵੀ. ਨਾਰਾਇਣਸਾਮੀ ਲਈ 
ਸਮੱਸਿਆ ਪੈਦਾ ਹੋ ਗਈ ਸੀ, ਹਾਲਾਂਕਿ ਉਹ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਕੋਲ ਪੂਰਾ ਬਹੁਮਤ ਹੈ ਅਤੇ ਉਹ ਆਸਾਨੀ ਨਾਲ ਆਪਣਾ ਬਹੁਮਤ ਸਾਬਤ ਕਰ ਦੇਣਗੇ ਪਰ ਅਜਿਹਾ ਹੋ ਨਹੀਂ ਸਕਿਆ | ਹਾਲਾਂਕਿ ਵਿਸ਼ਵਾਸ ਮਤ (ਵੋਟ) ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੂਰਨ ਸੂਬੇ ਦੀ ਮੰਗ ਕੀਤੀ |
ਵੀ. ਨਾਰਾਇਣਸਾਮੀ ਨੇ ਉਪ ਰਾਜਪਾਲ ਤਾਮਿਲਿਸਾਈ ਸੁੰਦਰਾਰਾਜਨ ਨਾਲ ਮੁਲਾਕਾਤ ਕੀਤੀ ਅਤੇ ਅਪਣਾ ਅਸਤੀਫ਼ਾ ਉਨ੍ਹਾਂ ਨੂੰ  ਸੌਂਪ ਦਿਤਾ |
ਐਨਆਰ ਕਾਂਗਰਸ ਦੇ ਮੁਖੀ ਅਤੇ ਵਿਰੋਧੀ ਧਿਰ ਦੇ ਆਗੂ ਐਨ. ਰੰਗਾਸਾਮੀ ਨੇ ਕਿਹਾ ਕਿ ਉਨ੍ਹਾਂ ਦਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਇਸ ਬਾਰੇ ਹੋਰ ਵਿਚਾਰ-ਵਟਾਂਦਰੇ ਕੀਤੇ ਜਾਣਗੇ |
ਸੁੰਦਰਾਰਾਜਨ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ  ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ ਅਤੇ ਉਸ ਦਾ ਏਜੰਡਾ ਵਿਸ਼ਵਾਸਮਤ ਸੀ | ਮਹੱਤਵਪੂਰਨ ਗੱਲ ਇਹ ਹੈ ਕਿ ਵਿਰੋਧੀ ਧਿਰ ਨੇ ਪਿਛਲੇ ਹਫ਼ਤੇ ਉਨ੍ਹਾਂ ਨੂੰ  ਇਕ ਅਰਜ਼ੀ ਸੌਂਪੀ ਸੀ ਕਿ ਵਿਧਾਇਕਾਂ ਦੇ ਅਸਤੀਫ਼ੇ ਕਾਰਨ ਸਰਕਾਰ ਘੱਟ ਗਿਣਤੀ ਵਿਚ ਆ ਗਈ ਹੈ | (ਏਜੰਸੀ)

ਸਿਰਫ਼ 3 ਸੂਬਿਆਂ 'ਚ ਕਾਂਗਰਸ ਦੇ ਮੁੱਖ ਮੰਤਰੀ, 2 ਸੂਬਿਆਂ 'ਚ ਗਠਜੋੜ
ਨਵੀਂ ਦਿੱਲੀ, 22 ਫ਼ਰਵਰੀ:ਕਾਂਗਰਸ ਪਾਰਟੀ ਸੱਤਾ ਦੀ ਲੜਾਈ 'ਚ ਲਗਾਤਾਰ ਭਾਜਪਾ ਤੋਂ ਪਿਛੜਦੀ ਜਾ ਰਹੀ ਹੈ | ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ ਤੇ ਝਾਰਖੰਡ ਨੂੰ  ਛੱਡ ਕੇ ਅੱਜ ਪੂਰੇ ਦੇਸ਼ 'ਚ ਪਾਰਟੀ ਸੱਤਾ ਤੋਂ ਬਾਹਰ ਹੈ | ਮਹਾਰਾਸ਼ਟਰ ਤੇ ਝਾਰਖੰਡ 'ਚ ਕਾਂਗਰਸ ਭਲੇ ਹੀ ਸੱਤਾ 'ਚ ਹੋਵੇ ਪਰ ਇਥੇ ਪਾਰਟੀ ਦੀ ਭੂਮਿਕਾ ਨੰਬਰ ਤਿੰਨ ਤੇ ਨੰਬਰ ਦੋ ਦੀ ਹੈ | (ਏਜੰਸੀ)