ਦਿੱਲੀ ਮੋਰਚੇ ’ਚ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਕਿਸਾਨ ਦਾ ਪੂਰੇ ਸਨਮਾਨਾਂ ਨਾਲ ਅੰਤਮ ਸੰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਨੂੰ ਕਿਸਾਨ ਆਗੂ ਜਗੀਰ ਸਿੰਘ ਦੀ ਸ਼ਹਾਦਤ ’ਤੇ ਮਾਣ ਹੈ।

farmer

ਗੁਰਦਾਸਪੁਰ (ਨਿਤਿਨ ਲੂਥਰਾ) : ਦਿੱਲੀ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਜਾ ਰਹੇ ਗੁਰਦਾਸਪੁਰ ਦੇ ਕਿਸਾਨ ਆਗੂ ਜਗੀਰ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਮਗਰੋਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਨਰਪੁਰ ਵਿਖੇ ਪੂਰੇ ਸਨਮਾਨਾਂ ਦੇ ਅੰਤਮ ਸਸਕਾਰ ਕੀਤਾ ਗਿਆ। ਸਸਕਾਰ ਲਈ ਲਿਜਾਣ ਸਮੇਂ ਜਗੀਰ ਸਿੰਘ ਦੀ ਮਿ੍ਰਤਕ ਦੇਹ ਨੂੰ ਕਿਸਾਨੀ ਝੰਡੇ ਵਿਚ ਲਪੇਟਿਆ ਹੋਇਆ ਸੀ ਅਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਲੋਕਾਂ ਵੱਲੋਂ ਕਿਸਾਨ ਪੱਖੀ ਨਾਅਰੇ ਲਗਾਏ ਗਏ।

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਾਡਾ ਪੰਜਾਬ ਫੈਡਰੇਸ਼ਨ ਦੇ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਓਨਾ ਚਿਰ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਸਾਨੂੰ ਕਿਸਾਨ ਆਗੂ ਜਗੀਰ ਸਿੰਘ ਦੀ ਸ਼ਹਾਦਤ ’ਤੇ ਮਾਣ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਮਿ੍ਰਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਸਨ। ਹੁਣ ਫਿਰ ਉਹ ਦਿੱਲੀ ਜਾ ਰਹੇ ਸਨ ਪਰ ਜਦੋਂ ਉਹ ਸ਼ਾਹਬਾਦ ਕੋਲ ਪੁੱਜੇ ਤਾਂ ਉਥੇ ਸੜਕ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਕਿਸਾਨੀ ਅੰਦੋਲਨ ਦੌਰਾਨ ਹੁਣ ਤਕ 200 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਐ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਨਾਂਅ ਨਹੀਂ ਲੈ ਰਹੀ।