ਦਿੱਲੀ ਪੁਲਿਸ ਦੇ ਅਹਿਮ ਪ੍ਰਗਟਾਵਿਆਂ ਨੇ ਕਿਸਾਨ ਆਗੂਆਂ ਨੂੰ  ਵੀ ਕੀਤਾ ਸੁਚੇਤ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਪੁਲਿਸ ਦੇ ਅਹਿਮ ਪ੍ਰਗਟਾਵਿਆਂ ਨੇ ਕਿਸਾਨ ਆਗੂਆਂ ਨੂੰ  ਵੀ ਕੀਤਾ ਸੁਚੇਤ

image

ਜੇਕਰ ਸਿੰਘੂ ਬਾਰਡਰ ਦੇ ਧਰਨੇ ਜਾਂ ਜੰਤਰ-ਮੰਤਰ 'ਤੇ ਵਾਪਰ ਜਾਂਦੀ ਘਟਨਾ ਤਾਂ...


ਕੋਟਕਪੂਰਾ, 22 ਫ਼ਰਵਰੀ (ਗੁਰਿੰਦਰ ਸਿੰਘ) : ਜੇਕਰ ਦਿੱਲੀ ਪੁਲਿਸ ਵਲੋਂ ਯੂਥ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੇ ਕਤਲ ਦੇ ਮਾਮਲੇ ਵਿਚ ਕਾਬੂ ਕੀਤੇ 3 ਨੌਜਵਾਨਾਂ ਦੀ ਪੁੱਛਗਿਛ ਉਪਰੰਤ ਕੀਤੇ ਗਏ ਅਹਿਮ ਪ੍ਰਗਟਾਵਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਦਿੱਲੀ ਪੁਲਿਸ ਮੁਤਾਬਕ ਉਕਤ ਨੌਜਵਾਨਾਂ ਨੇ ਗੁਰਲਾਲ ਭਲਵਾਨ ਦਾ ਕਤਲ ਪਹਿਲਾਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਸਥਿਤ ਕਿਸਾਨ ਅੰਦੋਲਨ ਅਤੇ ਫਿਰ ਜੰਤਰ ਮੰਤਰ ਵਿਖੇ ਪੰਜਾਬ ਕਾਂਗਰਸ ਦੇ ਧਰਨੇ ਕੋਲ ਵੀ ਯਤਨ ਕੀਤੇ ਪਰ ਕਾਮਯਾਬ ਨਾ ਹੋ ਸਕੇ | ਜੇਕਰ ਉਕਤ ਨੌਜਵਾਨ ਸਿੰਘੂ ਬਾਰਡਰ ਜਾਂ ਜੰਤਰ ਮੰਤਰ 'ਤੇ ਗੁਰਲਾਲ ਭਲਵਾਨ ਦਾ ਕਤਲ ਕਰਨ ਵਿਚ ਕਾਮਯਾਬ ਹੋ ਜਾਂਦੇ ਤਾਂ ਇਸ ਦਾ ਬੁਰਾ ਅਸਰ ਪੰਜਾਬ ਭਰ ਵਿਚ ਦੇਖਣ ਨੂੰ  ਮਿਲਦਾ | ਇਕ ਤਾਂ ਇਸ ਨਾਲ ਕਿਸਾਨ ਅੰਦੋਲਨ ਦਾ ਪ੍ਰਭਾਵਤ ਹੋਣਾ ਸੁਭਾਵਕ ਸੀ ਤੇ ਦੂਜਾ ਪੰਜਾਬ ਵਿਚ ਭਾਈਚਾਰਕ ਸਾਂਝ 'ਤੇ ਵੀ ਇਸ ਦਾ ਬੁਰਾ ਅਸਰ ਪੈਣਾ ਸੀ | ਭਾਵੇਂ ਕਿਸਾਨਾ ਜਾਂ ਕਾਂਗਰਸ ਦੇ ਵੱਖ ਵੱਖ ਥਾਵਾਂ 'ਤੇ ਲੱਗੇ ਧਰਨਿਆਂ ਵਿਚ ਉਕਤ ਨੌਜਵਾਨ ਅਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕੇ ਪਰ ਦਿੱਲੀ, ਪੰਜਾਬ ਅਤੇ ਰਾਜਸਥਾਨ ਦੀ ਪੁਲਿਸ ਵਲੋਂ ਇਸ ਮਾਮਲੇ ਨੂੰ  ਵੱਖ ਵੱਖ ਪਹਿਲੂਆਂ ਤੋਂ ਵਿਚਾਰਿਆ ਜਾ ਰਿਹਾ ਹੈ | ਹਾਲਾਂਕਿ ਪੁਲਿਸ ਦੇ ਕੁੱਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਕਿਸਾਨਾਂ ਦੇ ਧਰਨੇ ਜਾਂ ਫਿਰ ਕਾਂਗਰਸ ਦੇ ਧਰਨੇ ਵਿਚ ਗੁਰਲਾਲ ਭਲਵਾਨ ਦਾ ਕਤਲ ਕਰਨ ਵਿਚ ਉਹ ਕਾਮਯਾਬ ਹੋ ਜਾਂਦੇ ਤਾਂ ਕੈਨੇਡਾ ਵਿਚ ਬੈਠੇ ਇਨ੍ਹਾਂ ਦੇ ਆਕਾ ਇਕ ਤੀਰ ਨਾਲ ਦੋ ਨਿਸ਼ਾਨੇ ਸਾਧਣ ਵਿਚ ਕਾਮਯਾਬ ਹੋ ਜਾਂਦੇ | ਇਕ ਤਾਂ ਉਨ੍ਹਾਂ ਗੁਰਲਾਲ ਭਲਵਾਨ ਨੂੰ  ਮਾਰ ਦੇਣਾ ਸੀ ਤੇ ਦੂਜਾ ਧਰਨੇ ਵਿਚ ਕਤਲ ਦੀ ਘਟਨਾ ਵਾਪਰਨ ਨਾਲ ਕਿਸਾਨਾ ਦਾ ਗੁੱਸਾ ਹੋਰ ਵਧਦਾ ਜਿਸ ਨਾਲ ਪੰਜਾਬ ਸਮੇਤ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੀ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੋ ਜਾਂਦੀ |