ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ 9 ਬੈਠਕਾਂ ਹੋਣਗੀਆਂ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ 9 ਬੈਠਕਾਂ ਹੋਣਗੀਆਂ
ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਹੋਵੇਗਾ ਸੈਸ਼ਨ, 5 ਮਾਰਚ ਨੂੰ ਪੇਸ਼ ਹੋਵੇਗਾ 2021-22 ਦਾ ਬਜਟ
ਚੰਡੀਗੜ੍ਹ, 22 ਫ਼ਰਵਰੀ (ਗੁਰਉਪਦੇਸ਼ ਭੁੱਲਰ): 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਰਾਜਪਾਲ ਵਲੋਂ ਮੰਜ਼ੂਰੀ ਦਿਤੇ ਜਾਣ ਤੋਂ ਬਾਅਦ ਬਕਾਇਦਾ ਪ੍ਰੋਗਰਾਮ ਜਾਰੀ ਕਰ ਦਿਤਾ ਗਿਆ ਹੈ | ਪੰਜਾਬ ਸਰਕਾਰ ਦੇ ਸੰਸਦੀ ਮਾਮਲਿਆਂ ਬਾਰੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਪ੍ਰੋਗਰਾਮ ਮੁਤਾਬਕ 1 ਤੋਂ 10 ਫ਼ਰਵਰੀ ਤਕ ਚਲਣ ਵਾਲੇ ਇਸ ਸੈਸ਼ਨ ਦੀਆਂ ਕੁਲ 9 ਬੈਠਕਾਂ ਹੋਣਗੀਆਂ | ਦੋ ਦਿਨ ਸਨਿਚਰਵਾਰ ਤੇ ਐਤਵਾਰ ਦੀ ਵਿਚਕਾਰ ਛੁੱਟੀ ਹੈ |
ਬਜਟ 5 ਮਾਰਚ ਨੂੰ ਪੇਸ਼ ਹੋਵੇਗਾ ਜਦਕ ਪਹਿਲਾਂ ਇਹ 8 ਮਾਰਚ ਨੂੰ ਪੇਸ਼ ਕਰਨ ਦਾ ਮੰਤਰੀ ਮੰਡਲ ਵਿਚ ਪ੍ਰਸਤਾਵ ਰਖਿਆ ਗਿਆ ਸੀ | ਇਹ ਬਜਟ ਸੈਸ਼ਨ ਮੌਜੂਦਾ ਕੈਪਟਨ ਸਰਕਾਰ ਦਾ ਆਖ਼ਰੀ ਬਜਟ ਸੈਸ਼ਨ ਹੈ | ਬਜਟ ਸੈਸ਼ਨ ਦੀਆਂ ਹੋਣ ਵਾਲੀਆਂ 9 ਬੈਠਕਾਂ ਦੇ ਜਾਰੀ ਪ੍ਰੋਗਰਾਮ ਅਨੁਸਾਰ 1 ਮਾਰਚ ਸਵੇਰੇ 11 ਵਜੇ ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਹੋਵੇਗਾ | ਇਸੇ ਦਿਨ ਬਾਅਦ ਦੁਪਹਿਰ 2 ਵਜੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਬਾਅਦ ਸਭਾ ਅਗਲੇ ਦਿਨ ਤਕ ਉਠ ਜਾਵੇਗੀ | 2 ਮਾਰਚ ਨੂੰ ਰਾਜਪਾਲ ਦੇ ਭਾਸ਼ਨ ਦੇ ਧਨਵਾਦ ਮਤੇ 'ਤੇ ਬਹਿਸ ਸ਼ੁਰੂ ਹੋਵੇਗੀ ਅਤੇ 3 ਮਾਰਚ ਨੂੰ ਇਹ ਬਹਿਸ ਮੁਕੰਮਲ ਕਰ ਕੇ ਮਤਾ ਪਾਸ ਕੀਤਾ ਜਾਵੇਗਾ | 4 ਮਾਰਚ ਨੂੰ ਗ਼ੈਰ ਸਰਕਾਰੀ ਕੰਮਕਾਰ ਹੋਵੇਗਾ | 5 ਮਾਰਚ ਸਵੇਰੇ ਹੋਣ ਵਾਲੀ ਬੈਠਕ ਵਿਚ 2021-22 ਦਾ ਬਜਟ ਪੇਸ਼ ਕੀਤਾ ਜਾਵੇਗਾ ਅਤੇ ਇਸੇ ਦਿਨ ਕੈਗ ਰੀਪੋਰਟਾਂ ਪੇਸ਼ ਹੋਣਗੀਆਂ |
ਸਨਿਚਰਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਬਾਅਦ 8 ਮਾਰਚ ਸੋਮਵਾਰ ਨੂੰ ਬਜਟ ਅਨੁਮਾਨਾਂ 'ਤੇ ਬਹਿਸ ਬਾਅਦ ਨਮਿੱਤਣ ਬਿਲ ਪਾਸ ਕਰਵਾਇਆ ਜਾਵੇਗਾ | 9 ਮਾਰਚ ਨੂੰ ਵਿਧਾਨਕ ਕੰਮਕਾਰ ਦਾ ਦਿਨ ਹੈ ਅਤੇ ਇਸ ਦਿਨ ਕਈ ਬਿਲ ਪਾਸ ਹੋਣਗੇ | 10 ਮਾਰਚ ਨੂੰ ਵਿਧਾਨਕ ਕੰਮਕਾਰ ਨਿਪਟਾ ਕੇ ਸਭਾ ਅਣਮਿਥੇ ਸਮੇਂ ਲਈ ਉਠ ਜਾਵੇਗੀ |