ਟੂਲਕਿੱਟ ਮਾਮਲਾ: ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਸਾਈਬਰ ਸੈੱਲ ਦਫ਼ਤਰ ਲੈ ਕੇ ਪਹੁੰਚੀ ਦਿੱਲੀ ਪੁਲਿਸ
ਇਸ ਸਬੰਧ 'ਚ ਪੁਲਿਸ ਵਲੋਂ ਦਿਸ਼ਾ ਨੂੰ ਸਾਈਬਰ ਸੈੱਲ ਦਫ਼ਤਰ 'ਚ ਲਿਆਂਦਾ ਗਿਆ ਹੈ।
ਨਵੀਂ ਦਿੱਲੀ- ਟੂਲਕਿੱਟ ਮਾਮਲੇ ਵਿਚ ਗ੍ਰਿਫਤਾਰ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਬੀਤੇ ਦਿਨੀ ਇਕ ਦਿਨ ਦੇ ਪੁਲਿਸ ਰਿਮਾਡ 'ਤੇ ਭੇਜ ਦਿੱਤਾ ਸੀ। ਇਸ ਦੇ ਚਲਦੇ ਅੱਜ ਦਿੱਲੀ ਪੁਲਿਸ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ, ਸ਼ਾਂਤਨੂੰ ਅਤੇ ਨਿਕਿਤਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ। ਇਸ ਸਬੰਧ 'ਚ ਪੁਲਿਸ ਵੱਲੋਂ ਦਿਸ਼ਾ ਨੂੰ ਸਾਈਬਰ ਸੈੱਲ ਦਫ਼ਤਰ 'ਚ ਲਿਆਂਦਾ ਗਿਆ ਹੈ।
ਦੱਸਣਯੋਗ ਹੈ ਕਿ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਦਿਸ਼ਾ ਰਵੀ ਦੀ ਜ਼ਮਾਨਤ 'ਚ ਅੱਜ ਫ਼ੈਸਲਾ ਆ ਸਕਦਾ ਹੈ। ਬੀਤੇ ਦਿਨੀ ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤਾ। ਸੁਣਵਾਈ ਦੌਰਾਨ ਪੁਲਿਸ ਨੇ ਦਿਸ਼ਾ ਰਵੀ ਦੇ ਪੰਜ ਦਿਨ ਦਾ ਰਿਮਾਡ ਮੰਗਿਆ ਪਰ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿਸ਼ਾ ਰਵੀ ਨੂੰ ਇਕ ਦਿਨ ਦੇ ਪੁਲਿਸ ਰਿਮਾਡ 'ਤੇ ਭੇਜ ਦਿੱਤਾ ਹੈ।
ਇਸ ਤੋਂ ਪਹਿਲਾ ਪਿਛਲੀ ਅਦਾਲਤ ਦੌਰਾਨ ਪੁਲਿਸ ਨੇ ਦਿਸ਼ਾ ਰਵੀ ਦਾ ਰਿਮਾਡ ਨਹੀਂ ਸੀ ਮੰਗਿਆ। ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਦਿਸ਼ਾ ਰਵੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੋਬਾਈਲ ਵਿਚ ਜਿਹੜੀ ਵੀ ਜਾਣਕਾਰੀ ਮੌਜੂਦ ਸੀ, ਉਹ ਸਾਰੀ ਪੁਲਿਸ ਕੋਲ ਵੀ ਹੈ। ਇਸ ਸਬੰਧੀ ਅਸੀਂ ਅਦਾਲਤ ਵਿਚ ਅਰਜ਼ੀ ਵੀ ਦਿੱਤੀ ਸੀ। ਦੂਜੇ ਪਾਸੇ ਪੁਲਿਸ ਨੇ ਆਪਣਾ ਪੱਖ ਰਖਦਿਆਂ ਕਿਹਾ ਕਿ ਦਿਸ਼ਾ ਰਵੀ ਨੇ ਸਾਰੇ ਦੋਸ਼ਾਂ ਨੂੰ ਸ਼ਾਤਨੂ-ਨਿਕਿਤਾ ਸਿਰ ਪਾ ਦਿਤਾ ਹੈ, ਇਸ ਲਈ ਸਾਰਿਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁਛਗਿੱਛ ਕਰਨੀ ਜ਼ਰੂਰੀ ਹੈ।