‘ਸ਼ਹੀਦ ਸਿੱਖ’ ਦੇ ਰੁਤਬੇ ਲਈ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣੀ ਅਤਿਅੰਤ ਹੀ ਲਾਜ਼ਮੀ ਹੈ : ਗਿਆਨੀ ਜਾਚਕ

ਏਜੰਸੀ

ਖ਼ਬਰਾਂ, ਪੰਜਾਬ

‘ਸ਼ਹੀਦ ਸਿੱਖ’ ਦੇ ਰੁਤਬੇ ਲਈ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣੀ ਅਤਿਅੰਤ ਹੀ ਲਾਜ਼ਮੀ ਹੈ : ਗਿਆਨੀ ਜਾਚਕ

image

ਕੋਟਕਪੂਰਾ, 23 ਫ਼ਰਵਰੀ (ਗੁਰਿੰਦਰ ਸਿੰਘ) : ਗੁਰੂ ਗ੍ਰੰਥ ਸਾਹਿਬ’ ਅਤੇ 20ਵੀਂ ਸਦੀ ਦੀ ‘ਸਿੱਖ ਰਹਿਤ ਮਰਿਆਦਾ’ ਵਿਚ ‘ਸਿੱਖ ਦੀ ਤਾਰੀਫ਼’ ਵਾਂਗ ‘ਸ਼ਹੀਦ ਸਿੱਖ’ ਦੀ ਕੋਈ ਵਿਸ਼ੇਸ਼ ਪ੍ਰੀਭਾਸ਼ਾ ਨਹੀਂ ਮਿਲਦੀ, ਕਿਉਂਕਿ ਗੁਰਬਾਣੀ ਮੁਤਾਬਕ ਗੁਰਮੁਖ ਗੁਰਸਿੱਖਾਂ ਲਈ ‘ਜੀਵਨ ਮੁਕਤਿ’ ਅਵਸਥਾ ਪ੍ਰਾਪਤ ਕਰਨੀ ਸੱਭ ਤੋਂ ਵੱਡੀ ਰੱਬੀ ਬਖ਼ਸ਼ਿਸ਼ ਮੰਨੀ ਗਈ ਹੈ। 
ਗੁਰਬਾਣੀ ’ਚ 2 ਵਾਰ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ’ਚ 3 ਵਾਰ ਇਸਲਾਮਕ ਸ਼ਬਦਾਵਲੀ ਤੇ ਪਿਛੋਕੜ ਦਾ ਵਰਨਣ ਕਰਦਿਆਂ ਭਾਵੇਂ ਸ਼ਹੀਦ ਦੀ ਵਰਤੋਂ ਕੀਤੀ ਮਿਲਦੀ ਹੈ ਕਿਉਂਕਿ ‘ਸ਼ਹੀਦ’ ਲਫ਼ਜ਼ ਇਸਲਾਮ ਅਰਬੀ ਭਾਸ਼ਾ ਦਾ ਹੈ। ਅਰਥ ਹੈ: ਸ਼ਹਾਦਤ (ਗਵਾਹੀ) ਦੇਣ ਵਾਲਾ। ਹਾਂ! ਭਾਈ ਸਾਹਿਬ ਜੀ ਨੇ ਕੇਵਲ ਇਕ ਵਾਰ ਮੁਰੀਦ (ਸਿੱਖ ਸੇਵਕ) ਦੀ ਪ੍ਰੀਭਾਸ਼ਾ ਕਰਦਿਆਂ ਹਰ ਕਿਸਮ ਦਾ ਭਰਮ ਤੇ ਡਰ ਦੂਰ ਕਰ ਕੇ ਜਿਉਣ ਵਾਲੇ ਮੁਰੀਦ ਨੂੰ ਸੰਤੋਖੀ (ਸਬਰ), ਸਿਦਕੀ ਤੇ ਸ਼ਹੀਦ ਗਰਦਾਨਿਆ ਹੈ। ਸਪੱਸ਼ਟ ਹੈ ਕਿ ਸੱਚ ਲਈ ਸ਼ਹੀਦ ਹੋਣਾ ਗੁਰਮੁਖ ਗੁਰਸਿੱਖਾਂ ਦਾ ਵਿਸ਼ੇਸ਼ ਖਾਸਾ ਹੈ ਪਰ ਖ਼ਾਲਸਾ ਪੰਥ ਨੇ ਜਦੋਂ ਪੰਥਕ ਅਰਦਾਸ ਦੀ ਸ਼ਬਦਾਵਲੀ ਘੜੀ ਤਾਂ 18ਵੀਂ ਸਦੀ ਅੰਦਰਲੇ ‘ਧਰਮ ਹੇਤ ਸੀਸ’ ਵਾਰਨ ਵਾਲਿਆਂ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਕੇਵਲ ਇਹੀ ਲਿਖਿਆ “ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!” ਇਨ੍ਹਾਂ ਵਾਕਾਂ ਤੋਂ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਕਿ ਸਿੱਖ ਇਤਿਹਾਸ ਮੁਤਾਬਕ ਅਠਾਰਵੀਂ ਸਦੀ ਦੇ ਜਿਨ੍ਹਾਂ ਗੁਰਮੁਖ ਸਿੰਘ-ਸਿੰਘਣੀਆਂ ਦੇ ਨਾਵਾਂ ਨਾਲ ‘ਸ਼ਹੀਦ’ ਲਕਬ ਦੀ ਵਰਤੋਂ ਪ੍ਰਚਲਤ ਹੋਈ ਹੈ, ਉਹ ਕੇਵਲ ਉਹੀ ਜੀਵਨ-ਮੁਕਤ ਮਰਜੀਵੜੇ ਹਨ, ਜਿਨ੍ਹਾਂ ਨੇ ਜ਼ਿੰਦਗੀ ਜਾਂ ਮੌਤ ’ਚੋਂ ਇਕ ਦੀ ਚੌਣ ਮੌਕੇ ਧਰਮ ਹੇਤ ਸੀਸ ਵਾਰਦਿਆਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। 
ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਨੇ ਅਪਣੇ ਈ-ਮੇਲ ਪ੍ਰੈਸ ਨੋਟ ਰਾਹੀਂ ‘ਰੋਜ਼ਾਨਾ ਸਪੋਕਸਮੈਨ’ ਨਾਲ ਉਪਰੋਕਤ ਵਿਚਾਰਾਂ ਦੀ ਸਾਂਝ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਮੁੱਚੇ ਖ਼ਾਲਸਾ ਪੰਥ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਲਈ ਸ਼ਹੀਦ ਲਕਬ ਦੀ ਵਰਤੋਂ ਕਰਨ ਵੇਲੇ ਸਿੱਖ ਫ਼ਲਸਫ਼ੇ ਅੰਦਰਲੇ ਇਸ ਦੇ ਮਹੱਤਵ ਤੇ ਪਿਛੋਕੜ ਨੂੰ ਧਿਆਨ ’ਚ ਰਖਿਆ ਜਾਵੇ। ਗੁਰੂ ਅਰਜੁਨ ਸਾਹਿਬ ਨੂੰ ‘ਸ਼ਹੀਦਾਂ ਦੇ ਸਿਰਤਾਜ’ ਕਹਿ ਕੇ ਵਡਿਆਉਂਦਿਆਂ ਹੋਰ ਵੀ ਚੰਗਾ ਹੋਵੇ, ਜੇ ਇਸਲਾਮ ਵਾਂਗ ਸਿੱਖ ਸ਼ਹੀਦਾਂ ਦੀ ਸ਼੍ਰੇਣੀ ਵੰਡ ਕਰ ਲਈ ਜਾਵੇ ਕਿਉਂਕਿ ਇਸ ਪ੍ਰਕਾਰ ਅਜਿਹੀ ਮਹਾਨ ਪਦਵੀ ਦੀ ਦੁਰਵਰਤੋਂ ਰੋਕੀ ਜਾ ਸਕਦੀ ਹੈ ਪਰ ਇਹ ਵੀ ਸਦਾ ਯਾਦ ਰੱਖਣ ਦੀ ਲੋੜ ਹੈ ਕਿ ਜਦੋਂ ਅਸੀਂ ਪੰਜਵੇਂ ਜਾਂ ਨੌਵੇਂ ਗੁਰੂ ਅਤੇ ਹੋਰ ਕਈ ਸਿੰਘ-ਸਿੰਘਣੀਆਂ ਤੇ ਭੁਯੰਗੀਆਂ ਦੇ ਨਾਵਾਂ ਨਾਲ ‘ਸ਼ਹੀਦ’ ਲਕਬ ਦੀ ਵਿਸ਼ੇਸ਼ ਵਰਤੋਂ ਕਰਦੇ ਹਾਂ ਤਾਂ ਅਜਿਹਾ ਹੋਣ ਨਾਲ ਗੁਰੂ ਨਾਨਕ ਜੋਤਿ-ਸਰੂਪ ਬਾਕੀ ਦੇ ਗੁਰੂ ਸਾਹਿਬਾਨ ਅਤੇ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਧਰਮ ਹੇਤ ਜੂਝਣ ਵਾਲੇ ਜੀਵਤ ਬਾਕੀ ਗੁਰਸਿੱਖਾਂ ਦਾ ਮਹੱਤਵ ਘੱਟ ਨਹੀਂ ਜਾਂਦਾ। ਪਿ੍ਰੰਸੀਪਲ ਹਰਿਭਜਨ ਸਿੰਘ ਚੰਡੀਗੜ੍ਹ ਵਾਲੇ ਇਸ ਪੱਖੋਂ ਸਟੇਜਾਂ ’ਤੇ ਇਹ ਸ਼ੇਅਰ ਆਮ ਹੀ ਸਾਂਝਾ ਕਰਿਆ ਕਰਦੇ ਸਨ “ਜੋ ਜਲ ਕਰ ਖ਼ਾਕ ਹੋ ਜਾਏ, ਵੁਹ ਖੁਸ਼ ਕਿਸਮਤ ਸਹੀ। ਲੇਕਿੰਨ, ਜੋ ਜਲਨੇ ਕੇ ਲੀਏ ਤੜਪੇ, ਵੁਹ ਪਰਵਾਨਾ ਭੀ ਅੱਛਾ ਹੈ।”