ਚੰਨੀ ਦੀ ਮੌਜੂਦਗੀ ਵਿਚ ਪ੍ਰਮੁੱਖ ਕਾਂਗਰਸ ਆਗੂਆਂ ਨੇ ਗ਼ੈਰ ਰਸਮੀ ਮੀਟਿੰਗ ਵਿਚ ਜਿੱਤ ਪ੍ਰਾਪਤ ਕਰਨ ਬਾਰੇ ਭਰੋਸਾ ਪ੍ਰਗਟ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਚੰਨੀ ਦੀ ਮੌਜੂਦਗੀ ਵਿਚ ਪ੍ਰਮੁੱਖ ਕਾਂਗਰਸ ਆਗੂਆਂ ਨੇ ਗ਼ੈਰ ਰਸਮੀ ਮੀਟਿੰਗ ਵਿਚ ਜਿੱਤ ਪ੍ਰਾਪਤ ਕਰਨ ਬਾਰੇ ਭਰੋਸਾ ਪ੍ਰਗਟ ਕੀਤਾ

image


ਹਰੀਸ਼ ਚੌਧਰੀ, ਰੰਧਾਵਾ, ਤਿ੍ਪਤ ਬਾਜਵਾ ਤੇ ਪ੍ਰਗਟ ਵੀ ਰਹੇ ਮੌਜੂਦ ਪਰ ਸਿੱਧੂ ਗ਼ੈਰ ਹਾਜ਼ਰ

ਚੰਡੀਗੜ੍ਹ, 23 ਫ਼ਰਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਵਿਹਲੇ ਹੋ ਕੇ ਨਤੀਜੇ ਆਉਣ ਤੋਂ ਪਹਿਲਾਂ ਹੁਣ ਵੱਖ ਵੱਖ ਪਾਰਟੀਆਂ ਨੇ ਭਵਿੱਖ ਦੀ ਰਣਨੀਤੀ ਨੂੰ  ਲੈ ਕੇ ਵਿਚਾਰ ਵਟਾਂਦਰੇ ਸ਼ੁਰੂ ਕਰ ਦਿਤੇ ਹਨ | ਪੰਜਾਬ ਕਾਂਗਰਸ ਦੇ ਆਗੂਆਂ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਇਕ ਗ਼ੈਰ ਰਸਮੀ ਮੀਟਿੰਗ ਕੀਤੀ ਹੈ | ਇਸ ਵਿਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੀ ਹਾਜ਼ਰ ਸਨ ਪਰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਗ਼ੈਰ ਹਾਜ਼ਰ ਸਨ |
ਇਸ ਮੀਟਿੰਗ ਵਿਚ ਸ਼ਾਮਲ ਹੋਰ ਪ੍ਰਮੁੱਖ ਆਗੂਆਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਪ੍ਰਗਟ ਸਿੰਘ, ਸੁਖ ਸਰਕਾਰੀਆ,
ਭਾਰਤ ਭੂਸ਼ਣ ਆਸ਼ੂ, ਕੁਲਬੀਰ ਸਿੰਘ ਜ਼ੀਰਾ ਤੇ ਕੈਪਟਨ ਸੰਦੀਪ ਸੰਧੂ ਦੇ ਨਾਂ ਜ਼ਿਕਰਯੋਗ ਹਨ |
ਭਾਵੇਂ ਕਾਂਗਰਸੀ ਆਗੂ ਇਸ ਨੂੰ  ਇਕ ਗ਼ੈਰ ਰਸਮੀ ਮਿਲਣੀ ਦਸ ਰਹੇ ਹਨ ਪਰ ਲੱਗਾ ਹੈ ਕਿ ਹੋਈ ਵੋਟਿੰਗ ਅਤੇ ਸੂਬੇ ਵਿਚੋਂ ਪ੍ਰਾਪਤ ਰੀਪੋਰਟਾਂ ਦੇ ਆਧਾਰ ਉਪਰ ਨਤੀਜਿਆਂ ਬਾਰੇ ਮੰਥਨ ਕੀਤਾ ਗਿਆ |
ਕਾਂਗਰਸੀ ਆਗੂ ਇਸ ਗੱਲ ਉਪਰ ਇਕ ਰਾਏ ਸਨ ਕਿ ਦੋਆਬਾ ਅਤੇ ਮਾਝਾ ਵਿਚ ਕਾਂਗਰਸ ਦੀ ਕਾਰਗੁਜ਼ਾਰੀ ਬੇਹਤਰ ਰਹੀ ਹੈ ਅਤੇ ਵਧੀਆ ਨਤੀਜੇ ਰਹਿਣਗੇ | ਪਰ ਮਾਲਵਾ ਖੇਤਰ ਨੂੰ  ਲੈ ਕੇ ਗਏ ਸੀ ਕਿ ਇਸ ਖੇਤਰ ਦੇ ਨਤੀਜਿਆਂ ਬਾਰੇ ਪੱਕੇ ਤੌਰ 'ਤੇ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਦਾ | ਇਥੇ 'ਆਪ' ਦੇ ਹੱਕ ਵਿਚ ਹਵਾ ਕਾਰਨ ਕਾਂਗਰਸੀ ਮੈਂਬਰ ਜ਼ਰੂਰ ਚਿੰਤਤ ਹਨ | ਡੇਰਾ ਸਿਰਸਾ ਦੇ ਆਖ਼ਰੀ ਮੌਕੇ ਫ਼ੈਸਲੇ ਕਾਰਨ ਵੀ ਮਾਲਵਾ ਖੇਤਰ ਵਿਚ ਕੁੱਝ ਸੀਟਾਂ ਉਪਰ ਨਤੀਜਿਆਂ 'ਤੇ ਪ੍ਰਭਾਵ ਦੀ ਗੱਲ ਕਾਂਗਰਸੀ ਮੈਂਬਰ ਮੰਨਦੇ ਹਨ |
ਕਾਂਗਰਸ ਨੂੰ  ਮਾਝਾ ਤੇ ਦੋਆਬਾ ਵਿਚੋਂ 40 ਦੇ ਕਰੀਬ ਸੀਟਾਂ ਮਿਲਣ ਦੀ ਉਮੀਦ ਹੈ | ਮਾਲਵੇ ਤੋਂ ਮਿਲਣ ਵਾਲੀਆਂ ਸੀਟਾਂ ਨੂੰ  ਮਿਲਾ ਕੇ ਕਾਂਗਰਸ ਨੂੰ  ਬਹੁਮਤ ਤਕ ਪਹੁੰਚਣ ਦੀ ਵੀ ਉਮੀਦ ਹੈ | ਮੁੱਖ ਮੰਤਰੀ ਚੰਨੀ ਵੀ ਅਪਣੀਆਂ ਦੋਵੇਂ ਸੀਟਾਂ ਤੋਂ ਜਿੱਤ ਲਈ ਪੂਰੇ ਆਸਵੰਦ ਹਨ |