ਸਾਂਸਦ ਗੁਰਜੀਤ ਔਜਲਾ ਨੇ ਲਿਖਿਆ DGP ਨੂੰ ਪੱਤਰ, ਅੰਮ੍ਰਿਤਸਰ 'ਚ ਸ਼ਰ੍ਹੇਆਮ ਵਿਕਦੇ ਨਸ਼ੇ ਨੂੰ ਲੈ ਕੇ ਠੋਸ ਕਦਮ ਚੁੱਕਣ ਦੀ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸਾਮ ਤੇ ਆਂਧਰਾ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ ਵਿਚ ਨਸ਼ਿਆ ਖਿਲਾਫ਼ ਕਦਮ ਚੁੱਕਣ ਲਈ ਕਿਹਾ

Gurjeet Aujla

 

ਚੰਡੀਗੜ੍ਹ - ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਡੀਜੀਪੀ ਵੀਰੇਸ਼ ਕੁਮਾਰ ਭਾਵਰਾ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਵਿਚ ਸ਼ਰੇਆਮ ਵਿਕ ਰਹੇ ਨਸ਼ੇ ਨੂੰ ਲੈ ਕੇ ਠੋਸ ਕਦਮ ਚੁੱਕਣ ਲਈ ਕਿਹਾ ਹੈ। ਉਹਨਾਂ ਨੇ ਪੁਲਿਸ ’ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਡੀਜੀਪੀ ਨੂੰ ਲਿਖੇ ਪੱਤਰ ਵਿਚ ਸਾਂਸਦ ਨੇ ਕਿਹਾ ਹੈ ਕਿ ਪੰਜਾਬ ਸੂਬੇ ਦੇ ਲੋਕ ਜੋ ਕਦੇ ਆਪਣੀ ਸੂਝ-ਬੂਝ ਅਤੇ ਬਹਾਦਰੀ ਲਈ ਜਾਣੇ ਜਾਂਦੇ ਸਨ, ਉਹਨਾਂ ਨੂੰ ਹੁਣ ਅੰਤਰਰਾਸ਼ਟਰੀ ਮੰਚਾਂ ਵਿਚ ਨਸ਼ੇੜੀ ਕਿਹਾ ਜਾਂਦਾ ਹੈ। ਪੰਜਾਬ ਰਾਜ ਵਿਚ ਨਸ਼ਿਆਂ ਅਤੇ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ। 

ਉਹ ਲੰਬੇ ਸਮੇਂ ਤੋਂ ਨਸ਼ੇ ਦੇ ਖਿਲਾਫ਼ ਕੰਮ ਕਰ ਰਹੇ ਹਨ। ਉਹ ਕਈ ਮੌਕਿਆਂ 'ਤੇ ਜ਼ਿਲ੍ਹਾ ਪੁਲਿਸ ਨੂੰ ਕਾਰਵਾਈ ਕਰਨ ਲਈ ਸੁਚੇਤ ਕਰ ਚੁੱਕੇ ਹਨ, ਪਰ ਸਥਾਨਕ ਪੁਲਿਸ ਦੇ ਸ਼ਾਂਤ ਰਵੱਈਏ ਕਾਰਨ ਵਸਨੀਕਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ। ਗੁਰਜੀਤ ਔਜਲਾ ਨੇ ਕਿਹਾ ਹੈ ਕਿ ਜ਼ਿਆਦਾਤਰ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿਚ ਨਜਾਇਜ਼ ਨਸ਼ੇ, ਨਾਜਾਇਜ਼ ਸ਼ਰਾਬ ਅਤੇ ਸੱਟੇਬਾਜ਼ੀ ਆਮ ਹੁੰਦੀ ਜਾ ਰਹੀ ਹੈ ਅਤੇ ਇਸ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜ਼ਿਆਦਾਤਾਰ  ਝੁੱਗੀ ਝੌਂਪੜੀ ਵਾਲੇ ਲੋਕ ਇਹਨਾਂ ਗਲਤ ਕੰਮਾਂ ਵੱਲ ਜਾ ਰਹੇ ਹਨ।

ਇਹ ਨਿਰਾਸ਼ਾ ਹੇਠਲੇ ਅਤੇ ਮੱਧ ਵਰਗ ਦੇ ਨਿਵਾਸੀਆਂ ਨੂੰ ਅਪਾਹਜ ਕਰ ਰਹੀ ਹੈ। ਨਸ਼ਾ ਤਸਕਰੀ ਦੀ ਜਾਂਚ ਵਿਚ ਕਈ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਨਾਮ ਕਈ ਵਾਰ ਸਾਹਮਣੇ ਆ ਚੁੱਕੇ ਹਨ ਪਰ ਉਹ ਕਾਰਵਾਈ ਕਰਨ ਦੀ ਬਜਾਏ ਸੀਲਬੰਦ ਲਿਫ਼ਾਫ਼ੇ ਵਿਚ ਪਏ ਹਨ। ਉਨ੍ਹਾਂ ਨੇ ਇਹ ਮਾਮਲਾ ਲੋਕ ਸਭਾ ਵਿਚ ਵੀ ਉਠਾਇਆ ਹੈ। ਪੁਲਿਸ ਸਟੇਸ਼ਨ ਪੱਧਰ 'ਤੇ ਖ਼ਪਤ ਅਤੇ ਫੜੇ ਗਏ ਸਮਾਨ ਦੀ ਮਾਤਰਾ ਬਹੁਤ ਘੱਟ ਹੈ ਪਰ ਪੁਲਿਸ ਉਸ ਤੋਂ ਅੱਗੇ ਵੱਡੀਆਂ ਮੱਛੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਨਹੀਂ ਕਰਦੀ।

ਅਜੋਕੇ ਸਮੇਂ ਵਿਚ ਵੱਖ-ਵੱਖ ਰਾਜਾਂ ਦੇ ਪੁਲਿਸ ਵਿਭਾਗਾਂ ਨੇ ਰਵਾਇਤੀ ਤਰੀਕਿਆਂ ਨੂੰ ਛੱਡ ਕੇ ਆਧੁਨਿਕ ਸਾਧਨਾਂ ਅਤੇ ਤਕਨੀਕਾਂ ਨਾਲ ਆਪਣੇ ਖੇਤਰਾਂ ਵਿਚ ਇਸ ਖਤਰੇ ਨੂੰ ਰੋਕਣ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਪੰਜਾਬ ਵਿਚ ਵੀ ਅਜਿਹਾ ਹੀ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅਸਾਮ ਤੇ ਆਂਧਰਾ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ ਵਿਚ ਨਸ਼ਿਆ ਖਿਲਾਫ਼ ਕਦਮ ਚੁੱਕਣ।