ਅੰਮ੍ਰਿਤਪਾਲ ਸਿੰਘ ਦੀ ਪੁਲਿਸ ਪ੍ਰਸ਼ਾਸਨ ਨਾਲ ਬਣੀ ਸਹਿਮਤੀ, ਗ੍ਰਿਫ਼ਤਾਰ ਲਵਪ੍ਰੀਤ ਤੂਫ਼ਾਨ ਨੂੰ ਭਲਕੇ ਕੀਤੇ ਜਾਵੇਗਾ ਰਿਹਾਅ
ਤੂਫ਼ਾਨ ਸਿੰਘ ਨੂੰ ਨਾਲ ਲੈ ਕੇ ਹੀ ਅਜਨਾਲਾ ਤੋਂ ਜਾਣਗੇ ਅੰਮ੍ਰਿਤਪਾਲ ਸਿੰਘ
ਅਜਨਾਲਾ - ਅੰਮ੍ਰਿਤਪਾਲ ਸਿੰਘ ਅਤੇ ਅਜਨਾਲਾ ਪੁਲਿਸ ਵਿਚਕਾਰ ਸਹਿਮਤੀ ਬਣ ਗਈ ਹੁਣ ਅਜਨਾਲਾ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦੇ ਸਾਥੀ ਲਵਪ੍ਰੀਤ ਤੂਫ਼ਾਨ ਨੂੰ ਭਲਕੇ ਰਿਹਾਅ ਕਰ ਦਿੱਤਾ ਜਾਵੇਗਾ।
- ਪੁਲਿਸ ਅਧਿਕਾਰੀ ਨੇ ਕੀ ਕਿਹਾ
ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਅੰਮ੍ਰਿਤਸਰ ਨੇ ਕਿਹਾ ਕਿ ਜੋ ਸਬੂਤ ਅੰਮ੍ਰਿਤਪਾਲ ਸਿੰਘ ਵੱਲੋਂ ਪੇਸ਼ ਕੀਤੇ ਗਏ ਹਨ, ਉਹਨਾਂ ਮੁਤਾਬਿਕ ਲਵਪ੍ਰੀਤ ਤੂਫ਼ਾਨ ਘਟਨਾ ਵਾਲੀ ਜਗ੍ਹਾ ਮੌਜੂਦ ਨਹੀਂ ਸੀ ਤੇ ਨਾਲ ਜੋ ਪਰਚਾ ਰੱਦ ਕਰਨ ਦੀ ਮੰਗ ਸੀ ਉਸ ਨੂੰ ਜਾਂਚ ਤੋਂ ਬਾਅਦ ਰੱਦ ਕਰ ਦਿੱਤਾ ਜਾਵੇਗਾ। ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਬਣਾਈ ਗਈ ਹੈ।
- ਕੀ ਬੋਲਿਆ ਅੰਮ੍ਰਿਤਪਾਲ ਸਿੰਘ
ਅੰਮ੍ਰਿਤਪਾਲ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਪੁਲਿਸ ਨੇ ਪ੍ਰੈਸ ਕਾਨਫ਼ਰੰਸ ਵਿਚ ਪਰਚਾ ਰੱਦ ਕਰਨ ਦੀ ਗੱਲ ਕਹੀ ਹੈ ਤੇ ਭਲਕੇ ਤੂਫ਼ਾਨ ਸਿੰਘ ਨੂੰ ਰਿਹਾਅ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫਿਲਾਹਲ ਇੱਥੇ ਹੀ ਧਰਨਾ ਦਿੱਤਾ ਜਾਵੇਗਾ ਤੇ ਜਿੱਥੇ ਵੀ ਮੋਰਚਾ ਰੁਕੇਗਾ ਉੱਥੇ ਹੀ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪੁਲਿਸ ਪਰਚਾ ਰੱਦ ਕਰਨ ਦੀ ਗੱਲ ਲਿਖਤੀ ਤੌਰ 'ਤੇ ਦੇਵੇਗੀ ਤੇ ਅੱਜ ਵਾਲੇ ਮਾਮਲੇ ਵਿਚ ਵੀ ਪੁਲਿਸ ਕਿਸੇ 'ਤੇ ਪਰਚਾ ਦਰਜ ਨਹੀਂ ਕਰੇਗੀ ਤੇ ਨਾ ਹੀ ਇਸ ਤੋਂ ਬਾਅਦ ਕਿਸੇ ਦੇ ਘਰ 'ਤੇ ਛਾਪੇਮਾਰੀ ਕਰੇਗੀ।
ਇਸ ਸਾਰੇ ਮਾਮਲੇ ਦੀ ਲਿਖਤੀ ਰਿਪੋਰਟ 'ਤੇ ਪੁਲਿਸ ਕਮਿਸ਼ਨਰ ਦੇ ਦਸਤਖ਼ਤ ਹੋਣਗੇ ਤੇ ਤੂਫ਼ਾਨ ਸਿੰਘ ਨੂੰ ਸਵੇਰੇ ਨਾਲ ਲੈ ਕੇ ਹੀ ਇੱਥੋਂ ਜਾਣਗੇ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੇ 21 ਸਿੰਘ ਜਖ਼ਮੀ ਹੋਏ ਹਨ ਤੇ ਬਾਕੀ ਜੋ ਥਾਣੇ ਵਿਚ ਬੰਦ ਕੀਤੇ ਹੋਏ ਹਨ ਉਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੈ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਹੁਣ ਅਪਣੇ ਸਿੰਘ ਨੂੰ ਨਾਲ ਲੈ ਕੇ ਹੀ ਇੱਥੋਂ ਕੂਚ ਕਰਨਗੇ ਤੇ ਰਾਤ ਵੇਲੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।
ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾਣਾ ਸਹੀ
ਜ਼ਿਕਰਯੋਗ ਹੈ ਕਿ ਅੱਜ ਦੇ ਇਸ ਪ੍ਰਦਰਸ਼ਨ ਦੌਰਾਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰਥਕ ਅਪਣੇ ਨਾਲ ਪਾਲਕੀ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲੈ ਕੇ ਆਏ ਸਨ ਤੇ ਜਦੋਂ ਉਹ ਅਜਨਾਲਾ ਪੁਲਿਸ ਥਾਣੇ ਕੋਲ ਪਹੁੰਚੇ ਤਾਂ ਨਾਲ ਹੀ ਟਕਰਾਅ ਸ਼ੁਰੂ ਹੋ ਗਿਆ ਤੇ ਪੁਲਿਸ ਤੇ ਅੰਮ੍ਰਿਤਪਾਲ ਦੇ ਸਮਰਥਕਾਂ ਵਿਚ ਝੜਪ ਹੋਈ ਤੇ ਕਈ ਜਖ਼ਮੀ ਵੀ ਹੋਏ। ਇਸ ਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਟਕਰਾਅ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਵੀ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਸੀ।
ਦੱਸ ਦਈਏ ਕਿ ਅੱਜ ਅੰਮ੍ਰਿਤਪਾਲ ਸਿੰਘ ਅਪਣੇ ਸਮਰਥਕਾਂ ਨਾਲ ਅਪਣੇ ਸਾਥੀ ਲਵਪ੍ਰੀਤ ਤੂਫ਼ਾਨ ਸਿੰਘ ਦੀ ਰਿਹਾਈ ਲਈ ਅਜਨਾਲਾ ਪੁਲਿਸ ਥਾਣੇ ਪਹੁੰਚੇ ਸਨ। ਜਿੱਥੇ ਉਹਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਤੇ ਕਈ ਜਖ਼ਮੀ ਵੀ ਹੋਏ ਤੇ ਜਖ਼ਮੀਆਂ ਵਿਚ 6 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।