‘ਸਪੋਕਸਮੈਨ’ ਦਾ ਬਾਈਕਾਟ ਮੇਰੇ ਤੋਂ ਧੱਕੇ ਨਾਲ ਕਰਵਾਇਆ ਗਿਆ ਸੀ : ਬੀਬੀ ਜਗੀਰ ਕੌਰ
ਕਿਹਾ, ਹਾਂ, ਮੈਂ ਵੀ ‘ਲਿਫ਼ਾਫ਼ੇ’ ਵਿਚੋਂ ਨਿਕਲ ਚੁੱਕੀ ਹਾਂ
ਮੁਹਾਲੀ : (ਨਵਜੋਤ ਸਿੰਘ ਧਾਲੀਵਾਲ, ਪਨੇਸਰ ਹਰਿੰਦਰ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਦੀ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਬਕਾ ਆਗੂ ਬੀਬੀ ਜਗੀਰ ਕੌਰ ਨੇ ਸਪੋਕਸਮੈਨ ਨਾਲ ਤਾਜ਼ਾ ਗੱਲਬਾਤ ਦੌਰਾਨ ਅਹਿਮ ਪ੍ਰਗਟਾਵੇ ਕੀਤੇ ਹਨ। ਸਪੋਕਸਮੈਨ ਦੇ ਬਾਈਕਾਟ ਬਾਰੇ ਪੁਛਣ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਮੀਡੀਆ ਨਾਲ ਕਿਸੇ ਕਿਸਮ ਦੇ ਪੱਖਪਾਤ ਜਾਂ ਰੰਜਿਸ਼ ਦੇ ਹੱਕ ਵਿਚ ਹੀ ਨਹੀਂ। ਬਾਈਕਾਟ ਬਾਰੇ ਪਰਦੇ ਚੁਕਦਿਆਂ ਉਨ੍ਹਾਂ ਅਸਲੀਅਤ ਦਸੀ ਕਿ ਇਹ ਬਾਈਕਾਟ ਅਸਲ ਵਿਚ ਉਨ੍ਹਾਂ ਤੋਂ ਜ਼ਬਰਦਸਤੀ ਕਰਵਾਇਆ ਗਿਆ। ਬੀਬੀ ਜਗੀਰ ਕੌਰ ਨੇ ਕਿਹਾ ਕਿ ਦੋ ਅਕਾਲੀ ਆਗੂਆਂ ਤੋਂ ਇਸ ਗੱਲ ਦੀ ਤਾਈਦ ਕਰਵਾ ਕੇ ਪ੍ਰੈਸ ਕਾਨਫ਼ਰੰਸ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਬਾਰੇ ਐਲਾਨ ਕਰਨ ਦਾ ਹੁਕਮ ਸੁਣਾਇਆ ਗਿਆ ਅਤੇ ਇਸ ਬਾਰੇ ਬੀਬੀ ਜਗੀਰ ਕੌਰ ਦਾ ਪੱਖ ਜਾਣਨਾ ਵੀ ਜ਼ਰੂਰੀ ਨਾ ਸਮਝਿਆ ਗਿਆ।
ਹੁਣ ਸਪੋਕਸਮੈਨ ਅਖ਼ਬਾਰ ਪੜ੍ਹਨ ਬਾਰੇ ਪੁਛਣ ’ਤੇ ਉਨ੍ਹਾਂ ਕਿਹਾ ਕਿ ਉਹ ਸਪੋਕਸਮੈਨ ਅਖ਼ਬਾਰ ਲਗਭਗ ਰੋਜ਼ਾਨਾ ਪੜ੍ਹਦੇ ਹਨ। ਗੁਰਬਾਣੀ ਪ੍ਰਸਾਰਣ ਨੂੰ ਇਕੋ ਅਦਾਰੇ ਦੇ ਹੱਥ ਸੌਂਪਣ ਬਾਰੇ ਵੀ ਬੀਬੀ ਜਗੀਰ ਕੌਰ ਨੇ ਖੁਲ੍ਹ ਕੇ ਅਪਣਾ ਪੱਖ ਰਖਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਇਸ ’ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਸੀ ਕਿ ਗੁਰਬਾਣੀ ਸਰਬ-ਸਾਂਝੀ ਹੈ ਅਤੇ ਇਸ ਨੂੰ ਹਰ ਸ਼ਰਧਾਲੂ ਤਕ ਪਹੁੰਚਾਉਣ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਬਾਦਲ ਪ੍ਰਵਾਰ ਦੇ ਲਿਫ਼ਾਫ਼ੇ ਵਿਚੋਂ ਪ੍ਰਧਾਨ ਨਿਕਲਣ ਦੇ ਇਲਜ਼ਾਮਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਿਫ਼ਾਫ਼ੇ ਵਿਚੋਂ ਨਿਕਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਇਹ ਗੱਲ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਮੈਂ ਖ਼ੁਦ ਵੀ ਲਿਫ਼ਾਫ਼ੇ ਵਿਚੋਂ ਨਿਕਲ ਕੇ ਪ੍ਰਧਾਨ ਬਣ ਚੁੱਕੀ ਹਾਂ। ਨਾਲ ਹੀ, ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਸਿੱਖ ਕੌਮ ਦੇ ਵਿਰੋਧ ਦਾ ਕਾਰਨ ਬਣੀ ਇਸ ਪ੍ਰਥਾ ਦੇ ਖ਼ਾਤਮੇ ਅਤੇ ਨਿਰੋਲ ਪੰਥਕ ਵਿਚਾਰਧਾਰਾ ਅਨੁਸਾਰ ਪ੍ਰਧਾਨ ਚੁਣਨ ਦੀ ਪੈਰਵੀ ਕਾਰਨ ਹੀ ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਬਾਹਰ ਕਢਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲੀਆ ਘਟਨਾਕ੍ਰਮ ਬਾਰੇ ਪੁਛਣ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖਾਂ ਦਾ ਆਪਸੀ ਟਕਰਾਅ ਦੇਖ ਉਨ੍ਹਾਂ ਦੇ ਹਿਰਦੇ ਨੂੰ ਠੇਸ ਵੱਜੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਹੁੰਦੇ ਤਾਂ ਇਹ ਕਾਂਡ ਵਾਪਰਨਾ ਹੀ ਨਹੀਂ ਸੀ।
ਉਨ੍ਹਾਂ ਕਿਹਾ ਕਿ ਬਤੌਰ ਸਾਬਕਾ ਕਮੇਟੀ ਪ੍ਰਧਾਨ ਉਹ ਗੁਰੂ ਘਰਾਂ ਦੇ ਪ੍ਰਬੰਧ ਸਬੰਧੀ ਡੂੰਘਾਈਆਂ ਤੋਂ ਜਾਣੂ ਹਨ ਅਤੇ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਉਹ ਪ੍ਰਧਾਨ ਦੇ ਅਹੁਦੇ ’ਤੇ ਹੁੰਦੇ ਤਾਂ ਨਾ ਤਾਂ ਸਿੱਖਾਂ ਵਿਚ ਵੰਡੀਆਂ ਪੈਂਦੀਆਂ ਅਤੇ ਨਾ ਹੀ ਟਕਰਾਅ ਹੁੰਦਾ।
ਇਹ ਖ਼ਬਰ ਵੀ ਪੜ੍ਹੋ : ਮੌਜੂਦਾ ਤੇ ਸਾਬਕਾ ਵਿਧਾਇਕਾਂ ਖ਼ਿਲਾਫ਼ ਚੱਲ ਰਹੇ ਮਾਮਲਿਆਂ ’ਚ ਤੇਜ਼ੀ ਲਿਆਉਣ ਲਈ ਹਾਈਕੋਰਟ ਨੇ ਪੰਜਾਬ-ਹਰਿਆਣਾ ਸਰਕਾਰ ਨੂੰ ਦਿੱਤੇ ਸਖ਼ਤ ਨਿਰਦੇਸ਼
ਇਸ ਨਾਲ ਹੀ ਸਵਾਲ ਉਠਿਆ ਕਿ ਜੇਕਰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਪਣੇ ਕਾਰਜਕਾਲ ਵਿਚ ਸੁਧਾਰ ਨਹੀਂ ਕਰ ਸਕੇ, ਤਾਂ ਇਹ ਹੁਣ ਕਿਵੇਂ ਸੰਭਵ ਹੋ ਜਾਂਦਾ? ਇਸ ਬਾਰੇ ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਮਸਲਾ ਕੁੱਝ ਕੀਤੇ ਜਾਣ ਸਬੰਧੀ ਉਨ੍ਹਾਂ ਦੀ ਸਮਰੱਥਾ ਦਾ ਨਹੀਂ, ਬਲਕਿ ਇਸ ਦਾ ਅਸਲ ਕਾਰਨ ਸੀ ਕਿ ਉਨ੍ਹਾਂ ਨੂੰ ਕੁੱਝ ਕਰਨ ਨਹੀਂ ਸੀ ਦਿਤਾ ਜਾਂਦਾ। ਉਨ੍ਹਾਂ ਕਿਹਾ ਕਿ ਫ਼ੈਸਲੇ ਲੈਣ ਦੀ ਆਜ਼ਾਦੀ ਨਾ ਮਿਲਣ ਕਰ ਕੇ ਹੀ ਸੁਧਾਰ ਅਮਲ ਹੇਠ ਨਹੀਂ ਲਿਆਂਦੇ ਜਾ ਸਕੇ।