ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੀਤਾ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੱਗੂ ਵਿਰੁਧ 70 ਕੇਸ ਦਰਜ ਹਨ, ਜਿਨ੍ਹਾਂ ’ਚੋਂ 19 ਕੇਸਾਂ ’ਚ ਉਹ ਬਰੀ ਹੋ ਚੁੱਕਾ ਹੈ

Court acquits gangster Jaggu Bhagwanpuria

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਬਰੀ ਕਰ ਦਿਤਾ ਹੈ। ਦਸਿਆ ਜਾ ਰਿਹਾ ਹੈ ਕਿ ਦਸੰਬਰ 2012 ਵਿਚ ਮੱਤੇਵਾਲ ਪੁਲੀਸ ਵਲੋਂ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਪੁਲੀਸ ਨੇ ਜੱਗੂ ਭਗਵਾਨਪੁਰੀਆ ਕੋਲੋਂ 2012 ਵਿਚ 700 ਗ੍ਰਾਮ ਪਾਬੰਦੀਸ਼ੁਦਾ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਪਰ ਪੁਲਿਸ ਅਦਾਲਤ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਕਾਰਨ ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ ਇਸ ਕੇਸ ਵਿਚੋਂ ਬਰੀ ਕਰ ਦਿਤਾ। ਸੁਣਵਾਈ ਦੌਰਾਨ ਵਕੀਲ ਨੇ ਕਿਹਾ ਕਿ ਉਕਤ ਮਾਮਲਾ ਝੂਠਾ ਹੈ ਅਤੇ ਪੁਲਿਸ ਕੋਲ ਇਸ ਵਿਚ ਕੋਈ ਸਬੂਤ ਨਹੀਂ ਹੈ,

ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਬਰੀ ਕਰ ਦਿਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤੰਬਰ 2014 ’ਚ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਜੱਗੂ ਭਗਵਾਨਪੁਰੀਆ ਵਿਚਾਲੇ ਪਿੰਡ ਸੋਹੀਆਂ ਕਲਾਂ ’ਚ ਹੋਏ ਮੁਕਾਬਲੇ ’ਚ ਉਹ ਬਰੀ ਹੋ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਉਜ਼ਬੇਕਿਸਤਾਨ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜੱਗੂ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਿਆ।

ਦੱਸ ਦੇਈਏ ਕਿ ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ ਤੇ ਉਹ ਪਿੰਡ ਧਿਆਨਪੁਰਾ ਵਿਚ ਇਕ ਕਤਲ ਕੇਸ ਵਿਚ ਸੁਰਖੀਆਂ ਵਿੱਚ ਆਇਆ ਸੀ। ਇਸ ਦੇ ਨਾਲ ਹੀ ਉਸ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ, ਗੱਡੀਆਂ ਅਤੇ ਗੈਂਗਸਟਰ ਲਾਰੈਂਸ ਨੂੰ ਸ਼ੂਟਰ ਮੁਹੱਈਆ ਕਰਵਾਏ ਸਨ। ਜੱਗੂ ਵਿਰੁਧ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ 70 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ 19 ਕੇਸਾਂ ਵਿੱਚ ਉਹ ਬਰੀ ਹੋ ਚੁੱਕਾ ਹੈ।