ਮਾਈਨਿੰਗ ਵਾਲਿਆਂ ਨਾਲ ਸਾਡੇ ਕੁੱਝ ਲੋਕ ਵੀ ਰਲੇ ਹੋਏ ਹਨ : ਮਾਲਵਿੰਦਰ ਸਿੰਘ ਕੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਮੁੱਖ ਮੰਤਰੀ ਭਗਵੰਤ ਮਾਨ ਮਾਈਨਿੰਗ ਦੇ ਖ਼ਿਲਾਫ਼ ਹਨ’

Some of our people are also involved with the miners: Malvinder Singh Kang

ਸ੍ਰੀ ਅਨੰਦਪੁਰ ਸਾਹਿਬ : ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅੱਜ ਪਲਹੇੜੀ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਇਕ ਪਾਰਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਇਹ ਕੋਸ਼ਿਸ਼ ਹੈ ਕਿ ਹਲਕੇ ਦੇ ਸਾਰੇ ਪਿੰਡਾਂ ਨੂੰ ਸੋਹਣਾ ਬਣਾਇਆ ਜਾਵੇ ਪਰ ਮੇਰੇ ਕੋਲ ਸੀਮਤ ਗਰਾਂਟ ਹੈ। ਪਰ ਫਿਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਪਿੰਡਾਂ ਨੂੰ ਕੁੱਝ ਨਾ ਕੁੱਝ ਗ੍ਰਾਂਟ ਜ਼ਰੂਰ ਦਿੱਤੀ ਜਾਵੇ।

ਬਠਿੰਡਾ ਵਿਖੇ ਕਿਸਾਨਾਂ ’ਤੇ ਹੋਏ ਅੱਤਿਆਚਾਰ ਸਬੰਧੀ ਬੋਲਦਿਆਂ ਕਿਹਾ ਕਿ ਕਿਸਾਨਾਂ ਨਾਲ ਜੋ ਕੁੱਝ ਵੀ ਹੋਇਆ ਬਹੁਤ ਮੰਦਭਾਗਾ ਸੀ। ਮੈਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਾਂਗਾ। ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤਾ ਹੁੰਦਾ ਤਾਂ ਅੱਜ ਪੰਜਾਬ ਵਿਚ ਗੈਂਗਸਟਰਵਾਦ ਨਾ ਹੁੰਦਾ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਹੋਣਗੇ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਨੂੰ ਹੀ ਵੋਟਾਂ ਪਈਆਂ ਸਨ।

ਮਾਈਨਿੰਗ ਵਾਲੇ ਮੁੱਦੇ ’ਤੇ ਬੋਲਦੇ ਹੋਏ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਈਨਿੰਗ ਵਾਲਿਆਂ ਨਾਲ ਕੁੱਝ ਸਾਡੇ ਲੋਕ ਵੀ ਰਲੇ ਹੋਏ। ਕੁੱਝ ਲੋਕ ਆਪਣਾ ਨਿੱਜੀ ਲਾਹਾ ਲੈਣ ਲਈ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਮਾਈਨਿੰਗ ਸਬੰਧੀ ਕਈ ਪੌਲਿਸੀਆਂ ਵੀ ਬਦਲੀਆਂ ਗਈਆਂ ਪ੍ਰੰਤੂ ਕਿਤੇ ਨਾ ਕਿਤੇ ਕੁੱਝ ਕਮੀਆਂ ਹਨ।ਆਉਣ ਵਾਲੇ ਦਿਨਾਂ ’ਚ ਅਜਿਹਾ ਕਰਨ ਵਾਲਿਆਂ ਨੂੰ ਸਾਹਮਣੇ ਲਿਆਂਦਾ ਜਾਵੇਗਾ।

ਪੰਜਾਬ ਸਰਕਾਰ ਨੇ 55 ਹਜ਼ਾਰ ਕਿਲੋਮੀਟਰ ਸੜਕਾਂ ਨੂੰ ਬੇਹਤਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਦੇ ਲਈ ਬਜਟ ਵੀ ਰੱਖਿਆ ਗਿਆ ਅਤੇ ਕਾਫ਼ੀ ਹਲਕਿਆਂ ਵਿਚ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਖਰੜ ਸੜਕਾਂ ਦੇ ਮਾਮਲੇ ਵਿਚ ਕਿਉਂ ਪਿੱਛੇ ਰਹਿ ਇਸ ਸਬੰਧੀ ਮੈਂ ਪਤਾ ਕਰਾਂਗਾ।