ਫ਼ੋਰੈਂਸਿਕ ਕੈਮੀਕਲ ਲੈਬ ਮਾਮਲੇ ਵਿਚ ਡਾਕਟਰ ਨੂੰ 7 ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਰਸ਼ਨ ਸਿੰਘ ਨੂੰ ਸਾਢੇ ਤਿੰਨ ਸਾਲ 'ਤੇ ਬਾਕੀਆਂ ਨੂੰ 4-4 ਸਾਲ ਦੀ ਸਜ਼ਾ ਦੇ ਹੁਕਮ

Forensic chemical lab case

 ਫ਼ੋਰੈਂਸਿਕ ਕੈਮੀਕਲ ਲੈਬ ਮਾਮਲੇ 'ਚ ਅਦਾਲਤ ਵਲੋਂ ਅੱਜ ਦੋਸ਼ੀਆਂ ਨੂੰ ਸਜ਼ਾ ਦਾ ਫ਼ੁਰਮਾਨ ਸੁਣਾ ਦਿਤਾ ਗਿਆ ਹੈ। ਅੱਜ ਵਧੀਕ ਜਿਲਾ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਦੋਸ਼ੀ ਡਾ. ਰਾਜਵਿੰਦਰ ਸਿੰਘ ਅਸਿਸਟੈਂਟ ਕੈਮੀਕਲ ਅਗਜਾਮੀਨਰ ਨੂੰ 7 ਸਾਲ ਦੀ ਸਜ਼ਾ 'ਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਹੈ। ਉਸੇ ਤਰ੍ਹਾਂ ਦੋਸ਼ੀ ਸ਼ਿੰਗਾਰਾ ਰਾਮ ਸਾਬਕਾ ਅਸਿਸਟੈਂਟ ਕੈਮੀਕਲ ਅਗਜਾਮੀਨਰ ਨੂੰ ਚਾਰ ਸਾਲ ਦੀ ਸਜਾ 'ਤੇ 1 ਲੱਖ ਰੁਪਏ ਜੁਰਮਾਨਾ 'ਤੇ ਦੋਸ਼ੀ ਦਰਸ਼ਨ ਸਿੰਘ ਨੂੰ ਸਾਢੇ 6 ਸਾਲ ਦੀ ਸਜਾ 'ਤੇ 7 ਹਜਾਰ ਰੁਪਏ ਜੁਰਮਾਨਾ ਅਤੇ ਬਾਕੀ ਸਾਰੇ ਦੋਸ਼ੀਆਂ ਨੂੰ ਚਾਰ-ਚਾਰ ਸਾਲ ਦੀ ਕੈਦ 'ਤੇ 10 -10 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਕਤ ਸਾਰੇ ਦੋਸ਼ੀਆਂ ਨੂੰ ਨਾਭਾ ਜੇਲ ਭੇਜ ਦਿੱਤਾ ਗਿਆ ਹੈ। ਉਧਰ ਇਸ ਮਾਮਲੇ 'ਚ ਨਾਮਜ਼ਦ ਇਕ ਮੁਲਜਮ ਮਨਜੀਤ ਸਿੰਘ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ। ਦਸਣਯੋਗ ਹੈ ਕਿ ਜਿਨ੍ਹਾਂ ਦੱਸ ਮੁਲਜਮਾਂ ਨੂੰ ਅੱਜ ਸਜਾ ਦਾ ਫਰਮਾਨ ਸੁਣਾਇਆ ਗਿਆ ਹੈ ਉਨ੍ਹਾਂ ਵਿਚ ਡਾ. ਰਾਜਵਿੰਦਰ ਸਿੰਘ ਅਸਿਸਟੈਂਟ ਕੈਮੀਕਲ ਅਗਜਾਮੀਨਰ, ਸ੍ਰੀਮਤੀ ਪਰਵੀਨ ਅਰੋੜਾ ਕੰਪਿਊਟਰ ਆਪਰੇਟਰ, ਹੌਲਦਾਰ ਅਸ਼ਵਨੀ ਕੁਮਾਰ, ਹੌਲਦਾਰ ਰਾਕੇਸ਼ ਕੁਮਾਰ, ਹੌਲਦਾਰ ਹਰਦੇਵ ਸਿੰਘ, ਗੁਰਜੰਟ ਸਿੰਘ ਸਾਬਕਾ ਲੈਬਾਰਟਰੀ ਟੈਕਨੀਸ਼ੀਅਨ, ਜਗਦੀਪ ਸਿੰਘ ਅਸਿਸਟੈਂਟ ਲੈਬੋਰਟਰੀ ਅਟੈਂਡੈਂਟ, ਦਰਸ਼ਨ ਸਿੰਘ ਫ਼ੋਰੈਸਿਂਕ ਲੈਬ ਸੇਵਾਦਾਰ, ਲੇਖ ਰਾਜ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਅਤੇ ਸ਼ਿੰਗਾਰਾ ਰਾਮ ਸਾਬਕਾ ਅਸਿਸਟੈਂਟ ਕੈਮੀਕਲ ਅਗਜਾਮੀਨਰ ਦੇ ਨਾਂ ਸ਼ਾਮਲ ਹਨ।

ਦੂਜੇ ਪਾਸੇ ਇਸ ਮਾਮਲੇ 'ਚ ਨਾਮਜ਼ਦ ਕਾਰੂ ਲਾਲ, ਵਿਨੇ ਕੁਮਾਰ, ਸੰਦੀਪ ਸਿੰਘ ਤਿੰਨੋ ਪ੍ਰਾਈਵੇਟ ਵਿਅਕਤੀ, ਐਡਵੋਕੇਟ ਹਰੀਸ਼ ਆਹੂਜਾ, ਚਰਨਜੀਤ ਸਿੰਘ ਸੇਵਾਦਾਰ ਅਤੇ ਰਾਜੇਸ਼ ਮਿਸ਼ਰਾ ਲੈਬ ਕਲਰਕ ਨੂੰ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਸੀ। ਬਰੀ ਹੋਣ ਵਾਲੇ ਮੁਲਜ਼ਮਾਂ ਦੇ ਵਕੀਲ ਬੀ. ਐਸ. ਸੋਹਲ ਨੇ ਦਸਿਆ ਕਿ ਚਰਨਜੀਤ ਸਿੰਘ ਜੋ ਕਿ ਸਿਵਲ ਹਸਪਤਾਲ ਖਰੜ ਵਿਖੇ ਬਤੌਰ ਸੇਵਾਦਾਰ ਤੈਨਾਤ ਹੈ ਅਤੇ ਰਾਜੇਸ਼ ਮਿਸ਼ਰਾ ਖਰੜ ਫਰੈਂਸਿਕ ਲੈਬ 'ਚ ਬਤੌਰ ਕਲਰਕ ਤੈਨਾਤ ਹੈ ਵਿਰੁਧ ਵਿਜੀਲੈਂਸ ਅਦਾਲਤ 'ਚ ਕੋਈ ਸਬੂਤ ਪੇਸ਼ ਹੀ ਨਹੀਂ ਕਰ ਸਕੀ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਇਸ ਲੈਬ ਵਿਚ 211 ਦੇ ਕਰੀਬ ਸੈਂਪਲ ਫੇਲ ਹੋਣ ਬਾਰੇ ਜਾਣਕਾਰੀ ਮਿਲੀ ਸੀ, ਜਿਨ੍ਹਾਂ ਵਿਚ 86 ਦੇ ਕਰੀਬ ਸੈਂਪਲ ਡਾ. ਰਾਜਵਿੰਦਰਪਾਲ ਸਿੰਘ ਵਲੋਂ ਫੇਲ ਕੀਤੇ ਗਏ ਸਨ। ਲੈਬ ਦਾ ਰੀਕਾਰਡ ਅਤੇ ਪੁਲਿਸ ਮਾਮਲਿਆਂ ਵਿਚ ਦਿਤੀ ਜਾਂਦੀ ਰੀਪੋਰਟ ਹੱਥਾਂ ਨਾਲ ਹੀ ਤਿਆਰ ਕੀਤੀ ਜਾਂਦੀ ਸੀ, ਜਿਸ ਦਾ ਮੁਲਜ਼ਮਾਂ ਨੇ ਭਰਪੂਰ ਦੁਰਉਪਯੋਗ ਕੀਤਾ। ਇਸ ਮਾਮਲੇ ਵਿਚ ਡਾ. ਰਜਿੰਦਰਪਾਲ ਸਿੰਘ ਨੇ ਮੁਹਾਲੀ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ, ਜਦਕਿ ਪੁਲਿਸ ਕਈ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਸੀ। ਇਹ ਮਾਮਲਾ 27 ਅਕਤੂਬਰ 2013 ਨੂੰ ਸਾਹਮਣੇ ਆਇਆ ਸੀ।