ਸਿਵਲ ਸਰਜਨਾਂ ਨੂੰ 'ਫ਼ਲੂ ਕਾਰਨਰ' ਸਥਾਪਤ ਕਰਨ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਸਵਾਈਨ ਫਲੂ (ਐਚ1 ਐਨ1) ਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਸਾਰੇ ਸਿਵਲ ਸਰਜਨਾਂ ਨੂੰ 'ਫ਼ਲੂ ਕਾਰਨਰ' ਸਥਾਪਤ ਕਰਨ ਦੇ ਆਦੇਸ਼ ਦਿਤੇ ਹਨ ਜਿਸ ਦੁਆਰਾ ਖਾਸੀ...

Brahm Mohindra

ਚੰਡੀਗੜ੍ਹ, 17 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਸਵਾਈਨ ਫਲੂ (ਐਚ1 ਐਨ1) ਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਸਾਰੇ ਸਿਵਲ ਸਰਜਨਾਂ ਨੂੰ 'ਫ਼ਲੂ ਕਾਰਨਰ' ਸਥਾਪਤ ਕਰਨ ਦੇ ਆਦੇਸ਼ ਦਿਤੇ ਹਨ ਜਿਸ ਦੁਆਰਾ ਖਾਸੀ, ਜੁਕਾਮ ਅਤੇ ਬੁਖ਼ਾਰ ਦੇ ਮਰੀਜ਼ਾਂ ਦੀ ਤੁਰਤ ਜਾਂਚ ਕੀਤੀ ਜਾ ਸਕੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦਸਿਆ ਕਿ ਸੂਬੇ ਵਿਚ ਪਿਛਲੇ ਕੁੱਝ ਦਿਨਾਂ ਤੋਂ ਸਵਾਈਨ ਫਲੂ ਦੇ ਸ਼ੱਕੀ ਮਾਮਲੇ ਰੀਪੋਰਟ ਕੀਤੇ ਜਾ ਰਹੇ ਹਨ ਜੋ ਆਮ ਤੌਰ 'ਤੇ ਗਰਮੀਆਂ ਦੇ ਮੌਸਮ ਵਿਚ ਪਾਏ ਨਹੀਂ ਜਾਂਦੇ ਸਨ। ਹੁਣ ਤਕ ਸੂਬੇ ਵਿਚ ਸਵਾਈਨ ਫਲੂ ਦੇ 278 ਸ਼ੱਕੀ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿਚੋਂ 75 ਮਾਮਲਿਆਂ ਵਿਚ ਮਰੀਜ਼ਾਂ ਵਿਚ ਸਵਾਈਨ ਫਲੂ ਪਾਇਆ ਗਿਆ ਅਤੇ ਜਿਸ ਵਿਚੋਂ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਦੀ ਮੌਤ ਦਾ ਅਸਲੀ ਕਾਰਨ ਕੇਵਲ ਪੀ.ਜੀ.ਆਈ. ਐਮ.ਈ.ਆਰ. ਦੇ ਮਾਹਰਾਂ ਵਲੋਂ ਮੈਡੀਕਲ ਰੀਕਾਰਡ ਦੀ ਸਮੀਖਿਆ ਉਪਰੰਤ ਹੀ ਦਸਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ਕਿ ਮਰੀਜ਼ ਕਈ ਮਾਮਲਿਆਂ ਵਿਚ ਬੀਮਾਰ ਹੋਣ ਉਪਰੰਤ ਹਸਪਤਾਲਾਂ ਵਿਚ ਇਲਾਜ ਨਾ ਕਰਵਾ ਕੇ ਅਪਣੇ ਪੱਧਰ 'ਤੇ ਹੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਸਥਿਤੀ ਦਾ ਗੰਭੀਰ ਹੋ ਜਾਣਾ ਸੁਭਾਵਕ ਹੈ।
ਬ੍ਰਹਮ ਮਹਿੰਦਰਾ ਨੇ ਦਸਿਆ ਕਿ ਸਵਾਈਨ ਫਲੂ ਦੇ ਮਾਮਲਿਆਂ ਦੇ ਇਲਾਜ ਲਈ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ 277 ਬੈੱਡਾਂ ਦਾ ਅਤੇ ਨਿਜੀ ਹਸਪਤਾਲਾਂ ਵਿਚ 268 ਬੈੱਡਾਂ ਦਾ ਪ੍ਰਬੰਧ ਪ੍ਰਬੰਧ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿਚ ਸ਼ੱਕੀ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਲਈ ਨੋਡਲ ਅਫ਼ਸਰਾਂ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਗਈ ਹੈ ਮਹਿੰਦਰਾ ਨੇ ਅੱਗੇ ਦਸਿਆ ਕਿ ਸਾਰੇ ਸਬੰਧਤ ਅਫ਼ਸਰਾਂ ਨੂੰ ਸਵਾਈਨ ਫਲੂ ਨੂੰ ਕਾਬੂ ਕਰਨ ਲਈ ਚਲਾਏ ਗਏ ਪ੍ਰੋਗਰਾਮ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਆਦੇਸ਼ ਦਿਤੇ ਗÂ ਹਨ। ਉਨ੍ਹਾਂ ਕਿਹਾ ਕਿ ਹਦਾਇਤਾਂ ਨੂੰ ਲਾਗੂ ਕਰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਵਿਰੁਧ ਕਾਰਵਾਈ ਕੀਤੀ ਜਾਵੇਗੀ।