ਨੌਜਵਾਨ ਨੇ ਐਸਐਚਓ 'ਤੇ ਥਾਣੇ 'ਚ ਕੁੱਟਮਾਰ ਦੇ ਲਾਏ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਜਾਦੀ ਦਿਹਾੜੇ ਮੌਕੇ ਨਵਾਂ ਗ੍ਰਾਉਂ ਥਾਣੇ ਵਿੱਚ ਆਪਣੇ ਨਾਲ ਹੋਈ ਕੁੱਟਮਾਰ ਦੀ ਸ਼ਿਕਾਇਤ ਕਰਨ ਲਈ ਨੌਜਵਾਨ ਕੁੜੀਆਂ ਦੇ ਨਾਲ ਗਏ ਇੱਕ ਨੌਜਵਾਨ ਦੀ ਥਾਣੇ ਵਿੱਚ ਪੁਲੀਸ ਵੱਲੋਂ..

Youth

 

ਐਸਏਐਸ ਨਗਰ, 16 ਅਗੱਸਤ (ਗੁਰਮੁਖ ਵਾਲੀਆ) : ਆਜਾਦੀ ਦਿਹਾੜੇ ਮੌਕੇ ਨਵਾਂ ਗ੍ਰਾਉਂ ਥਾਣੇ ਵਿੱਚ ਆਪਣੇ ਨਾਲ ਹੋਈ ਕੁੱਟਮਾਰ ਦੀ ਸ਼ਿਕਾਇਤ ਕਰਨ ਲਈ ਨੌਜਵਾਨ ਕੁੜੀਆਂ ਦੇ ਨਾਲ ਗਏ ਇੱਕ ਨੌਜਵਾਨ ਦੀ ਥਾਣੇ ਵਿੱਚ ਪੁਲੀਸ ਵੱਲੋਂ ਕਥਿਤ ਤੌਰ ਤੇ ਬਿਨਾ ਕਾਰਨ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੀੜਿਤ ਨੌਜਵਾਨ ਮਨੀਸ਼ ਕੁਮਾਰ ਨੇ ਅੱਜ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਾਹਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਲਿਖਤੀ ਸ਼ਿਕਾਇਤ ਦਿਤੀ ਹੈ ਅਤੇ ਮੰਗ ਕੀਤੀ ਕਿ ਥਾਣੇ ਵਿੱਚ ਉਹਨਾਂ ਨਾਲ ਬਿਨਾ ਵਜਾ ਕੁੱਟਮਾਰ ਕਰਨ ਵਾਲੇ ਇੱਕ ਹਵਲਦਾਰ ਅਤੇ ਥਾਣੇ ਦੇ ਐਸ ਐਚ ਓ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਐਸ ਐਸ ਪੀ ਮੁਹਾਲੀ ਨੂੰ ਦਿਤੀ ਆਪਣੀ ਸ਼ਿਕਾਇਤ ਵਿੱਚ ਮਨੀਸ਼ ਕੁਮਾਰ ਨੇ ਕਿਹਾ ਕਿ ਉਹ 15 ਅਗਸਤ ਨੂੰ ਆਪਣੀ ਇੱਕ ਦੋਸਤ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਆਪਣੀ ਦੋਸਤ ਦੇ ਨਾਲ ਨਵਾਂ ਗ੍ਰਾਉਂ ਥਾਣਾ ਵਿਖੇ ਸ਼ਿਕਾਇਤ ਦੇਣ ਗਿਆ ਸੀ। ਥਾਣੇ ਵਿੱਚ ਪੁਲੀਸ ਵੱਲੋਂ ਉਹਨਾਂ ਦੀ ਸ਼ਿਕਾਇਤ ਲਿਖਣ ਤੋਂ ਪਹਿਲਾਂ ਉਹਨਾਂ ਨੂੰ ਅੱਧੇ ਘੰਟਾ ਤਕ ਇੰਤਜਾਰ ਕਰਵਾਈ ਅਤੇ ਇਸ ਦੌਰਾਨ ਉਹ ਥਾਣੇ ਤੋਂ ਦੋ ਤਿੰਨ ਵਾਰ ਫੋਨ ਸੁਣਨ ਲਈ ਥਾਣੇ ਦੇ ਬਾਹਰ ਗਿਆ ਅਤੇ ਵਾਪਸ ਆਇਆ? ਉਸਨੇ ਲਿਖਿਆ ਹੈ ਕਿ ਥਾਣੇ ਦੇ ਇੱਕ ਹਵਲਦਾਰ ਸੁਖਜੀਤ ਸਿੰਘ ਨੇ ਉਸਨੂੰ ਕਿਹਾ ਕਿ ਉਹ ਵਾਰ ਵਾਰ ਅੰਦਰ-ਬਾਹਰ ਨਾ ਆਵੇ ਅਤੇ ਟਿਕ ਕੇ ਬੈਠੇ। ਜਿਸ ਤੇ ਉਸਨੇ ਦੱਸਿਆ ਕਿ ਉਹ ਤਾਂ ਇੱਥੇ ਆਪਣੀ ਸ਼ਿਕਾਇਤ  ਦੇਣ ਲਈ ਆਇਆ ਹੈ ਅਤੇ ਸ਼ਿਕਾਇਤ ਲਿਖਣ ਵਿੱਚ ਲਗਣ ਵਾਲੇ ਸਮੇਂ ਦੌਰਾਨ ਫੋਨ ਸੁਣਨ ਲਈ ਬਾਹਰ ਆਇਆ ਸੀ। ਇਸਤੇ ਹਵਲਦਾਰ ਉਸਨੂੰ ਪੁੱਠਾ ਬੋਲਣ ਲੱਗ ਪਿਆ ਅਤੇ ਉਸਨੂੰ ਬਾਂਹ ਤੋਂ ਫੜ ਕੇ ਐਸ ਐਚ ਓ ਸਾਹਿਬ ਸਿੰਘ ਕੋਲ ਲੈ ਗਿਆ ਅਤੇ ਉਸਦੀ ਸ਼ਿਕਾਇਤ ਕਰਨ ਲੱਗਿਆ। ਉਸਨੇ ਲਿਖਿਆ ਹੈ ਕਿ ਐਸ ਐਚ ਓ ਨੇ ਉਸਦੀ ਗੱਲ ਸੁਣੇ ਬਿਨਾਂ ਉਸ ਦੇ ਚਪੇੜਾਂ ਮਾਰੀਆਂ ਅਤੇ ਸਿਰ ਵਿੱਚ ਘਸੁੰਨ  ਮਾਰੇ ਉਸ ਨੇ ਲਿਖਿਆ ਹੈ ਕਿ ਉਹ ਪਹਿਲਾਂ ਹੀ ਮਰੀਜ ਹੈ ਅਤੇ ਪੁਲੀਸ ਵਾਲਿਆਂ ਵੱਲੋਂ ਕੀਤੀ ਕੁੱਟਮਾਰ ਕਾਰਨ ਉਸ ਦੀ ਹੋਰ ਵੀ ਬੁਰੀ ਹਾਲਤ ਹੈ। ਮਨੀਸ਼ ਦੀ ਦੋਸਤ ਸ਼ਾਕਸੀ ਨੇ ਦੱਸਿਆ ਕਿ ਪੁਲੀਸ ਵਾਲਿਆਂ ਨੇ ਪਹਿਲਾਂ ਤਾਂ ਮਨੀਸ਼ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਅੰਦਰ ਬੰਦ ਕਰਨ ਦੀ ਧਮਕੀ ਦਿੱਤੀ ਜਿਸ ਤੇ ਉਸ ਨੇ ਇਤਰਾਜ ਕੀਤਾ? ਜਿਸ ਤੋਂ ਬਾਅਦ ਪੁਲੀਸ ਵਾਲਿਆਂ ਨੇ ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ।
ਸੰਪਰਕ ਕਰਨ ਤੇ ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਹ ਨੌਜਵਾਨ ਉਹਨਾਂ ਨੂੰ ਸ਼ਿਕਾਇਤ ਦੇ ਕੇ ਗਿਆ ਹੈ  ਅਤੇ ਉਹਨਾਂ ਨੇ ਮਾਮਲੇ ਦੀ ਜਾਂਚ ਐਸ ਪੀ ਸਿਟੀ ਨੂੰ ਸੌਂਪੀ ਹੈ। ਐਸ ਪੀ ਸਿਟੀ ਸ੍ਰ. ਜਗਜੀਤ ਸਿੰਘ ਜੱਲਾ ਨੇ ਕਿਹਾ ਕਿ ਇਸ ਸਬੰਧੀ ਜੋ ਵੀ ਕਾਰਵਾਈ ਬਣਦੀ ਹੋਈ ਕੀਤੀ ਜਾਵੇਗੀ।
ਦੂਜੇ ਪਾਸੇ ਨਵਾਂ ਗ੍ਰਾਉਂ ਦੇ ਐਸ ਐਚ ਓ ਸ੍ਰ. ਸਾਹਿਬ ਸਿੰਘ ਨੇ ਉਕਤ ਨੌਜਵਾਨ ਨਾਲ ਥਾਣੇ ਵਿੱਚ ਕੁੱਟਮਾਰ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਹਨਾਂ ਕਿਹਾ ਕਿ ਨਵਾਂ ਗ੍ਰਾਉਂ ਥਾਣੇ ਦੀ ਹਵਾਲਾਤ ਵਿੱਚ ਬੀਤੇ ਦਿਨ ਹੈਰੋਈਨ ਸਮੇਤ ਕਾਬੂ ਕੀਤੇ ਗਏ 2 ਮੁਲਜਿਮ ਬੰਦ ਹਨ ਅਤੇ ਇਹ ਨੌਜਵਾਨ ਉਹਨਾਂ ਦੀਆਂ ਹਵਾਲਾਤ ਵਿੱਚ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੇ ਉਹਨਾਂ ਨੇ ਇਸ ਨੂੰ ਵਰਜਿਆ ਸੀ ਅਤੇ ਥਾਣੇ ਤੋਂ ਬਾਹਰ ਭੇਜ ਦਿੱਤਾ ਸੀ? ਉਹਨਾਂ ਕਿਹਾ ਕਿ ਨੌਜਵਾਨ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ।