ਦੇਸ਼ ਅਜੇ ਵੀ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਤੋਂ ਕੋਹਾਂ ਦੂਰ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ' ਨੇ ਖਟਕੜਕਲਾਂ ਵਿਖੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਤ ਕਲੰਡਰ ਕੀਤਾ ਜਾਰੀ

Pic-1

ਚੰਡੀਗੜ੍ਹ : ਆਜ਼ਾਦੀ ਦੇ 71 ਸਾਲ ਬੀਤਣ ਤੋਂ ਬਾਅਦ ਵੀ ਦੇਸ਼ ਅਜੇ ਸਹੀ ਅਰਥਾਂ 'ਚ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਿਆ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਧਰਮ, ਜਾਤੀ, ਭਾਸ਼ਾ, ਰੰਗ ਆਦਿ ਤੋਂ ਉੱਪਰ ਇਕ ਸੁਨਹਿਰੇ ਭਾਰਤ ਦਾ ਸੁਪਨਾ ਲਿਆ ਸੀ ਪਰ ਅਜੇ ਵੀ ਸਮਾਜ ਇਨ੍ਹਾਂ ਅਲਾਮਤਾਂ ਨਾਲ ਜੂਝ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ।

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਭਗਵੰਤ ਮਾਨ, ਗੜ੍ਹਸ਼ੰਕਰ ਤੋਂ 'ਆਪ' ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੋਰ ਆਗੂਆਂ ਨੇ ਸ਼ਹੀਦ ਦੇ ਪਿੰਡ ਖਟਕੜ ਕਲਾਂ ਜਾ ਕੇ ਸ਼ਰਧਾ ਦੇ ਫ਼ੁਲ ਭੇਂਟ ਕੀਤੇ।  ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੱਕ ਗ਼ਰੀਬ ਅਤੇ ਦੱਬੇ ਕੁਚਲੇ ਵਰਗ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲਦੇ ਉਦੋਂ ਤੱਕ ਆਜ਼ਾਦੀ ਦੇ ਸਹੀ ਅਰਥ ਨਹੀਂ ਮੰਨੇ ਜਾ ਸਕਦੇ। ਉਨ੍ਹਾਂ ਨੌਜਵਾਨਾਂ ਨੂੰ ਹੋਕਾ ਦਿੰਦੇ ਹੋਏ ਕਿਹਾ ਕਿ ਉਹ ਸਾਰੀਆਂ ਅਲਾਮਤਾਂ ਤੋਂ ਉੱਪਰ ਉੱਠਦੇ ਹੋਏ ਇਕ ਨਰੋਏ ਸਮਾਜ ਦੀ ਸਿਰਜਨਾ ਕਰਨ ਵਿਚ ਸਾਥ ਦੇਣ ਤਾਂ ਜੋ ਸ਼ਹੀਦਾਂ ਦੇ ਸੁਪਨੇ ਸਾਕਾਰ ਕੀਤੇ ਜਾ ਸਕਣ।

ਸਰਕਾਰ ਪਾਸੋਂ ਮੰਗ ਕਰਦਿਆਂ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਹੋਰ ਸੂਰਬੀਰ ਜਿੰਨਾ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕੀਤੀ ਨੂੰ ਸਰਕਾਰੀ ਦਸਤਾਵੇਜ਼ਾਂ ਵਿਚ ਸ਼ਹੀਦ ਐਲਾਨ ਕਰਨ।  ਉਨ੍ਹਾਂ ਮੰਗ ਕੀਤੀ ਕਿ ਮੋਹਾਲੀ ਅੰਤਰ ਰਾਸ਼ਟਰੀ ਏਅਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਏਅਰਪੋਰਟ ਰੱਖਿਆ ਜਾਵੇ।

ਇਸ ਮੌਕੇ ਜਿਲਾ ਪ੍ਰਧਾਨ ਨਵਾਂ ਸ਼ਹਿਰ ਰਜਿੰਦਰ ਸ਼ਰਮਾ,  ਜਿਲਾ ਪ੍ਰਧਾਨ ਮੋਹਾਲੀ ਹਰੀਸ਼ ਕੌਸ਼ਲ, ਉਪ ਪ੍ਰਧਾਨ ਮਾਲਵਾ ਜੋਨ-3 ਦਿਲਾਵਰ ਸਿੰਘ, ਬੁੱਧੀਜੀਵੀ ਵਿੰਗ ਦੇ ਮੋਹਾਲੀ ਤੋਂ ਪ੍ਰਧਾਨ ਗੁਰਮੇਲ ਸਿੰਘ ਕਾਹਲੋਂ, ਉਪ ਪ੍ਰਧਾਨ ਮਹਿਲਾ ਵਿੰਗ ਬਲਵਿੰਦਰ ਕੌਰ ਭਨੌੜਾ, ਜਿਲਾ ਪ੍ਰਧਾਨ ਕਿਸਾਨ ਵਿੰਗ ਮੋਹਾਲੀ ਦਲਬਾਗ ਸਿੰਘ,  ਬੰਗਾ ਤੋਂ ਬਲਾਕ ਪ੍ਰਧਾਨ ਰਣਵੀਰ ਸਿੰਘ ਰਾਣਾ ਅਤੇ ਜਨਰਲ ਸਕੱਤਰ ਬਲਵੀਰ ਸਿੰਘ ਕਾਰਡਰਾਣਾ ਆਦਿ ਹਾਜ਼ਰ ਸਨ।