ਲੇਖਕ ਨਵਦੀਪ ਸਿੰਘ ਗਿੱਲ ਦੀ ਪੁਸਤਕ 'ਨੌਲੱਖਾ ਬਾਗ' ਲੋਕ ਅਰਪਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਦੀਪ ਦੀ ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਲਾਹੇਵੰਦ ਹੋਵੇਗੀ : ਡਾ. ਐਸ.ਪੀ. ਸਿੰਘ

Writer Navdeep Singh Gill book release

ਲੁਧਿਆਣਾ : ਪੰਜਾਬ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਅਤੇ ਉੱਘੇ ਲੇਖਕ ਨਵਦੀਪ ਸਿੰਘ ਗਿੱਲ ਦੀ ਨਵੀਂ ਪੁਸਤਕ 'ਨੌਲੱਖਾ ਬਾਗ' ਦਾ ਲੋਕ ਅਰਪਣ ਕੀਤਾ ਗਿਆ। ਜੀ.ਜੀ.ਐਨ. ਖ਼ਾਲਸਾ ਕਾਲਜ ਲੁਧਿਆਣਾ ਵਿਖੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ, ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਤੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਅਤੇ ਉਘੇ ਨਾਟਕਰਮੀ ਡਾ. ਨਿਰਮਲ ਜੌੜਾ ਨੇ ਲੋਕ ਅਰਪਨ ਕੀਤਾ। 

ਸਮਾਰੋਹ ਦਾ ਸੰਚਾਲਨ ਕਰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ ਨਵਦੀਪ ਸਿੰਘ ਗਿੱਲ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾ ਉਹ ਤਿੰਨ ਪੁਸਤਕਾਂ ਖੇਡਾਂ ਬਾਰੇ ਲਿਖ ਚੁੱਕਾ ਹੈ, ਜਿਨ੍ਹਾਂ ਦੇ ਨਾਂ 'ਖੇਡ ਅੰਬਰ ਦੇ ਪੰਜਾਬੀ ਸਿਤਾਰੇ', 'ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ' ਤੇ 'ਅੱਖੀਂ ਵੇਖੀਆਂ ਓਲੰਪਿਕ ਖੇਡਾਂ' ਸਨ। ਡਾ. ਐਸ.ਪੀ. ਸਿੰਘ ਨੇ ਕਿਹਾ ਕਿ ਨਵਦੀਪ ਵੱਲੋਂ ਲਿਖੀ ਇਹ ਕਿਤਾਬ ਇਕ ਤਰ੍ਹਾਂ ਨਾਲ ਜੀਵਨੀ ਮੂਲਕ ਸੰਪੂਰਨ ਦਸਤਾਵੇਜ਼ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਲਾਹੇਵੰਦ ਹੋਵੇਗੀ।

ਉਨ੍ਹਾਂ ਕਿਹਾ ਕਿ ਲੇਖਕ ਨੇ ਸਾਹਿਤ ਤੇ ਸੱਭਿਆਚਾਰ ਦੀਆਂ 9 ਪ੍ਰਸਿੱਧ ਹਸਤੀਆਂ ਦੇ ਜੀਵਨੀ ਮੂਲਕ ਵੱਡੇ ਰੇਖਾ ਚਿੱਤਰ ਲਿਖ ਕੇ ਇਤਿਹਾਸ ਨੂੰ ਸਾਂਭਣ ਦਾ ਉਪਰਾਲਾ ਕੀਤਾ ਹੈ। ਇਹ ਹਸਤੀਆਂ ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਜਗਦੇਵ ਸਿੰਘ ਜੱਸੋਵਾਲ, ਪ੍ਰੋ ਰਵਿੰਦਰ ਭੱਠਲ, ਪ੍ਰਿੰ ਸਰਵਣ ਸਿੰਘ, ਸਿੱਧੂ ਦਮਦਮੀ, ਗੁਰਭਜਨ ਗਿੱਲ, ਸ਼ਮਸ਼ੇਰ ਸਿੰਘ ਸੰਧੂ ਤੇ ਡਾ. ਨਿਰਮਲ ਜੌੜਾ ਹਨ, ਜਿਨ੍ਹਾਂ ਬਾਰੇ ਲੇਖਕ ਨੇ ਪੁਸਤਕ ਵਿੱਚ ਵਿਸਥਾਰ 'ਚ ਲਿਖਿਆ ਹੈ।  ਡਾ. ਨਿਰਮਲ ਜੌੜਾ ਨੇ ਕਿਹਾ ਕਿ ਨਵਦੀਪ ਨੇ 9 ਸਖਸ਼ੀਅਤਾਂ ਨੂੰ ਇਕ ਮਾਲਾ ਵਿੱਚ ਪਰੋ ਕੇ ਸਾਰਿਆਂ ਨੂੰ ਸਦੀਵੀ ਇਕ-ਦੂਜੇ ਨਾਲ ਜੋੜ ਦਿੱਤਾ।

ਲੇਖਕ ਦੇ ਪਿਤਾ ਸੁਰਜੀਤ ਸਿੰਘ ਗਿੱਲ (ਸ਼ਹਿਣਾ) ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋ. ਵਾਈਸ ਚਾਂਸਲਰ ਡਾ. ਪ੍ਰਿਥੀਪਾਲ ਸਿੰਘ ਕਪੂਰ, ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਬਾਨੀ ਚੇਅਰਮੈਨ ਗੁਰਚਰਨ ਸਿੰਘ ਸ਼ੇਰਗਿੱਲ, ਜੀ.ਜੀ.ਐਨ. ਖ਼ਾਲਸਾ ਕਾਲਜ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਤਬਿੰਦਰ ਸਿੰਘ ਨਲੂਆ, ਹਰਦੀਪ ਸਿੰਘ, ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ, ਲੁਧਿਆਣਾ ਦੇ ਏ.ਡੀ.ਸੀ.ਪੀ.-4 ਪ੍ਰਿਥੀਪਾਲ ਸਿੰਘ ਹੇਅਰ, ਜਸਬੀਰ ਸਿੰਘ ਗਰੇਵਾਲ, ਤਹਿਸੀਲਦਾਰ (ਪੱਛਮੀ) ਡਾ. ਅਜੀਤ ਪਾਲ ਸਿੰਘ ਚਾਹਲ, ਜਸਮੇਰ ਸਿੰਘ ਢੱਟ ਆਦਿ ਹਾਜ਼ਰ ਸਨ। ਇਸ ਮੌਕੇ ਲੋਕ ਵਿਰਾਸਤ ਅਕਾਡਮੀ ਤੇ ਕਾਲਜ ਪ੍ਰਬੰਧਕਾਂ ਮੁੱਖ ਮਹਿਮਾਨਾਂ ਨੂੰ ਸ਼ਹੀਦਾਂ ਦੇ ਚਿੱਤਰ, ਸਨਮਾਨ ਚਿੰਨ ਦੇ ਦੋਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ।