ਪੰਜਾਬ, ਹਰਿਆਣਾ ਸਮੇਤ ਬਹੁਤ ਸਾਰੇ ਖੇਤਰਾਂ ਵਿਚ ਅਗਲੇ ਦਿਨਾਂ ਵਿਚ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ
ਕਣਕ ਦੀ ਫ਼ਸਲ ਉੱਤੇ ਪੈ ਸਕਦਾ ਹੈ ਅਸਰ
ਚੰਡੀਗੜ੍ਹ : ਮੌਸਮ ਵਿਭਾਗ ਨੇ ਭਵਿਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ’ਚ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ’ਚ ਕਈ ਥਾਵਾਂ ਉੱਤੇ ਮੀਂਹ ਪੈ ਸਕਦਾ ਹੈ। ਇਸ ਨਾਲ ਕਣਕ ਦੀ ਫ਼ਸਲ ਉੱਤੇ ਅਸਰ ਪੈ ਸਕਦਾ ਹੈ।
ਦਸਿਆ ਜਾ ਰਿਹਾ ਹੈ ਕਿ ਕਈ ਖੇਤਰਾਂ ’ਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦਸਿਆ ਕਿ ਅਗਲੇ ਕੁਝ ਦਿਨਾਂ ਦੌਰਾਨ ਦਿੱਲੀ, ਪੰਜਾਬ, ਹਰਿਆਣਾ ਅਤੇ ਭਾਰਤ ਦੇ ਕਈ ਉੱਤਰੀ ਰਾਜਾਂ ਵਿਚ ਝੱਖੜ, ਬਿਜਲੀ ਦੀਆਂ ਲਿਸ਼ਕਾਂ ਨਾਲ ਭਾਰੀ ਬਾਰਸ਼ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਇਸ ਨਾਲ ਹੀ ਭਾਰਤ ਵਿਚ ਹੀਟਵੇਵ ਦੇ ਹਾਲਾਤ ਬਾਰੇ ਜਾਣਕਾਰੀ ਦਿੰਦੇ ਹੋਏ ਆਈਐਮਡੀ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਦੇਸ਼ ਵਿਚ ਹੀਟਵੇਵ ਦੀ ਕੋਈ ਸੰਭਾਵਨਾ ਨਹੀਂ।
ਇਸ ਵੇਲੇ ਪੰਜਾਬ ਸਮੇਤ ਸਾਰੇ ਉਤਰੀ ਖੇਤਰ ’ਚ ਕਣਕ ਦੀ ਫ਼ਸਲ ਪੱਕਣ ਦੇ ਕਿਨਾਰੇ ਹੈ ਤੇ ਅਗੇਤੀ ਫ਼ਸਲ ਆਮ ਤੌਰ ਉਤੇ ਅਪ੍ਰ੍ਰੈਲ ਦੇ ਪਹਿਲੇ ਹਫ਼ਤੇ ਮੰਡੀਆਂ ’ਚ ਆ ਜਾਂਦੀ ਹੈ। ਪਿਛਲੇ ਦਿਨੀਂ ਮੌਸਮ ’ਚ ਤਪਸ਼ ਆ ਗਈ ਸੀ ਪਰ ਹੁਣ ਫਿਰ ਮੌਸਮ ਬਦਲ ਗਿਆ ਹੈ ਅਤੇ ਮੌਸਮ ਠੰਢਾ ਹੈ ਜੋ ਕਣਕ ਲਈ ਕਾਫ਼ੀ ਲਾਹੇਵੰਦ ਸਾਬਤ ਹੁੰਦਾ ਹੈ। ਇਸ ਸਬੰਧੀ ਰਾਜ ਪੁਰਸਕਾਰ ਨਾਲ ਸਨਮਾਨਤ ਰਾਜਮੋਹਨ ਸਿੰਘ ਕਾਲੇਕਾ ਨੇ ਦਸਿਆ ਕਿ ਕਣਕ ਦੀ ਫ਼ਸਲ ਪੱਕਣ ਦੇ ਕੰਢੇ ਹੈ। ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।