ਮੁਹਾਲੀ: ਪੰਜਾਬ ਵਿਚ ਦੇਰ ਰਾਤ ਪਏ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਮੀਂਹ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ। ਬੀਤੇ ਕਲ ਸ਼ਾਮ ਨੂੰ ਸੂਬੇ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਸ਼ ਸ਼ੁਰੂ ਹੋ ਗਈ ਸੀ ਪਰ ਅੱਧੀ ਕੁ ਰਾਤ ਨੂੰ ਮੌਸਮ ਨੇ ਰੰਗ ਪੂਰੀ ਤਰ੍ਹਾਂ ਬਦਲ ਲਿਆ।
ਇਸ ਤੋਂ ਬਾਅਦ ਤੇਜ਼ ਹਵਾਵਾਂ ਚਲੀਆਂ ਤੇ ਪੂਰੇ ਪੰਜਾਬ ਵਿਚ ਹਲਕੇ ਤੋਂ ਭਾਰੀ ਬਾਰਸ਼ ਹੋਈ। ਪੰਜਾਬ ਦੇ ਕੁੱਝ ਥਾਵਾਂ ਤੋਂ ਗੜ੍ਹੇਮਾਰੀ ਦੀਆਂ ਖ਼ਬਰਾਂ ਵੀ ਮਿਲੀਆਂ ਹਨ।
ਪਿੰਡ ਸਿੱਧੂਪਰ, ਸਾਬੂਵਾਲ, ਕਰਾਂ, ਸਰਦਾਰ ਵਾਲਾ ਸਮੇਤ ਲਗਭਗ ਬਲਾਕ ਦੇ ਸਾਰੇ ਪਿੰਡਾਂ ਵਿਚ ਕਣਕ ਦੀ ਪੱਕੀ ਹੋਈ ਫਸਲ, ਸਬਜ਼ੀਆਂ, ਹਰਾ ਚਾਰਾ ਆਦਿ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਅੱਜ ਕਲ ਦੇ ਦਿਨਾਂ ਵਿਚ ਕਣਕ ਦੀ ਫ਼ਸਲ ਪੱਕਣ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ। ਬੇਮੌਸਮੀ ਪਏ ਮੀਂਹ ਨੇ ਸਾਰੀ ਦੀ ਸਾਰੀ ਕਣਕ ਜ਼ਮੀਨ ਦੇ ਵਿਛਾ ਦਿਤੀ ਹੈ ਜਿਸ ਦੇ ਨਾਲ ਜਿੱਥੇ ਕਣਕ ਦੇ ਝਾੜ ਵਿਚ ਕਾਫ਼ੀ ਵੱਡਾ ਅਸਰ ਪਵੇਗਾ, ਉਥੇ ਹੀ ਕਣਕ ਦੀ ਕਟਾਈ ਲਈ ਮਹਿੰਗੀ ਲੇਬਰ ਅਤੇ ਕੰਬਾਈਨ ਨੂੰ ਵੱਧ ਪੈਸੇ ਦੇਣੇ ਪੈਣਗੇ।
ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਪਹਿਲਾਂ ਹੀ ਮਾੜੇ ਦਿਨ ਚੱਲ ਰਹੇ ਹਨ ਕਿਉਂਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜ਼ਿਆਦਾਤਰ ਕਿਸਾਨ ਦਿੱਲੀ ਦੇ ਮੋਰਚੇ ਉਤੇ ਬੈਠੇ ਹਨ ਪ੍ਰੰਤੂ ਫ਼ਸਲ ਪੱਕਣ ਕਾਰਨ ਅਸੀ ਕੁੱਝ ਲੋਕ ਅਪਣੀਆਂ-ਅਪਣੀਆਂ ਫ਼ਸਲਾਂ ਦੀ ਕਟਾਈ ਲਈ ਪਿੰਡਾਂ ਨੂੰ ਵਾਪਸ ਆਏ ਹਾਂ।