ਸਿਮਰਨਜੀਤ ਸਿੰਘ ਮਾਨ ਨੇ ਨਿਹੰਗ ਸਿੰਘਾਂ ਦੇ ਪੁਲਿਸ ਮੁਕਾਬਲੇ ਉਤੇ ਚੁੱਕੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਸਿਮਰਨਜੀਤ ਸਿੰਘ ਮਾਨ ਨੇ ਨਿਹੰਗ ਸਿੰਘਾਂ ਦੇ ਪੁਲਿਸ ਮੁਕਾਬਲੇ ਉਤੇ ਚੁੱਕੇ ਸਵਾਲ

image

ਚੰਡੀਗੜ੍ਹ, 22 ਮਾਰਚ (ਗੁਰਉਪਦੇਸ਼ ਭੁੱਲਰ): ਬੀਤੇ ਦਿਨੀਂ ਨਾਂਦੇੜ ਸਾਹਿਬ ਦੇ ਇਕ ਡੇਰੇ ਦੇ ਮੁਖੀ ਨੂੰ ਕਤਲ ਕਰਨ ਦੇ ਮਾਮਲੇ ਵਿਚ ਲੋੜੀਂਦੇ ਦੋ ਨਿਹੰਗ ਸਿੰਘਾਂ ਨੂੰ ਭਿਖੀਵਿੰਡ ਨੇੜੇ ਪੰਜਾਬ ਪੁਲਿਸ ਵਲੋਂ ਕਥਿਤ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਦੀ ਕਾਰਵਾਈ ਉਤੇ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਵਾਲ ਚੁੱਕੇ ਹਨ ਅਤੇ ਇਸ ਦੀ ਸੂਬਾ ਸਰਕਾਰ ਤੋਂ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। 
ਮਾਨ ਨੇ ਕਿਹਾ ਕਿ ਪੁਲਿਸ ਨੂੰ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਨੂੰ ਮੁਕਾਬਲਾ ਬਣਾ ਕੇ ਮਾਰ ਦੇਣ ਦਾ ਕੋਈ ਹੱਕ ਨਹੀਂ, ਭਾਵੇਂ ਉਹ ਕਿਸੇ ਵੀ ਮਾਮਲੇ ਵਿਚ ਲੋੜੀਂਦੇਾ ਹੋਵੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਕੋਲ ਕੋਈ ਅਸਲਾ ਨਹੀਂ ਸੀ ਤੇ ਜੇ ਉਨ੍ਹਾਂ ਨੇ ਕਿ੍ਰਪਾਨ ਨਾਲ ਪੁਲਿਸ ਉਤੇ ਹਮਲਾ ਕੀਤਾ ਸੀ ਤਾਂ ਉਨ੍ਹਾਂ ਨੂੰ ਤਰੀਕੇ ਨਾਲ ਕਾਬੂ ਕੀਤਾ ਸਕਦਾ ਸੀ ਅਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਪਰ ਪੁਲਿਸ ਵਾਲਿਆਂ ਨੇ ਖ਼ੁਦ ਹੀ ਉਨ੍ਹਾਂ ਨੂੰ ਫ਼ਰਜ਼ੀ ਮੁਕਾਬਲਾ ਬਣਾ ਕੇ ਮਾਰ ਕੇ ਸਜ਼ਾ ਦੇ ਦਿਤੀ ਜੋ ਗ਼ੈਰ ਕਾਨੂੰਨੀ ਹੈ। ਸਿਮਰਨਜੀਤ ਸਿੰਘ ਮਾਨ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਪਹਿਲਾਂ ਹੀ ਇਨ੍ਹਾਂ ਲੋੜੀਂਦੇ ਨਿਹੰਗ ਸਿੰਘਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਜਿਸ ਕਰ ਕੇ ਇਸ ਪੁਲਿਸ ਮੁਕਬਾਲੇ ਦੀ ਨਿਰਪੱਖ ਜਾਂਚ ਜ਼ਰੂਰੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਵਿਚ ਹਾਲੇ ਵੀ ਕਈ ਪੁਰਾਣੀ ਮਾਨਸਿਕਤਾ ਵਾਲੇ ਪੁਲਿਸ ਅਫ਼ਸਰ ਹਨ, ਜੋ ਫ਼ੀਤੀਆਂ ਵਧਾਉਣ ਦੇ ਚੱਕਰ ਵਿਚ ਅਜਿਹੇ ਕੰਮ ਕਰਦੇ ਹਨ।