ਪ੍ਰਕਾਸ਼ ਸਿੰਘ ਬਾਦਲ ਦਾ ਮਾਨ ਸਰਕਾਰ 'ਤੇ ਤੰਜ਼ - 'ਕਹਿਣ ਨਾਲ ਖ਼ਤਮ ਨਹੀਂ ਹੁੰਦਾ ਭ੍ਰਿਸ਼ਟਾਚਾਰ'
ਕਿਹਾ - ਪਹਿਲਾਂ ਕੈਪਟਨ ਨੇ ਵੀ ਇਹੀ ਕੀਤਾ ਸੀ ਤੇ ਹੁਣ ਮਾਨ ਸਰਕਾਰ ਵੀ ਉਹੀ ਕਰ ਰਹੀ ਹੈ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕਾ ਲੰਬੀ ਦੇ ਪਿੰਡਾਂ ਵਿਚ ਲਗਾਤਰ ਧੰਨਵਾਦੀ ਦੌਰਾ ਕਰ ਰਹੇ ਹਨ। ਅੱਜ ਉਨ੍ਹਾਂ ਨੇ ਦੌਰੇ ਦੌਰਾਨ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮੌਜੂਦਾ ਸਰਕਾਰ 'ਤੇ ਤੰਜ਼ ਕੱਸਿਆ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਨਾਲ ਹਰ ਲੜਾਈ ਵਿਚ ਪੰਜਾਬ ਨੇ ਮੋਹਰੀ ਭੂਮਿਕਾ ਨਿਭਾਈ ਹੈ।
ਹਾਲ ਹੀ ਵਿਚ ਭਗਵੰਤ ਮਾਨ ਸਰਕਾਰ ਵਲੋਂ ਵਿਧਾਨ ਸਭਾ ਕੰਪਲੈਕਸ ਵਿਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਏ ਜਾਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਹ ਸਮੇਂ ਦੀਆਂ ਸਾਰੀਆਂ ਸਰਕਾਰਾਂ ਵਲੋਂ ਕਿਹਾ ਜਾਂਦਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਗੱਲਾਂ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਸਨ ਕਿ ਇੱਕ ਹਫਤੇ ਵਿਚ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇਗਾ ਅਤੇ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਪਰ ਕੀ ਇਹ ਅਸਲ ਵਿਚ ਹੋਇਆ? ਦੱਸ ਦੇਈਏ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਵੱਖ-ਵੱਖ ਪਿੰਡਾਂ ਵਿਚ ਧੰਨਵਾਦੀ ਦੌਰਾ ਕਰ ਰਹੇ ਸਨ ਅਤੇ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਾਰ-ਜਿੱਤ ਬਣੀ ਹੈ, ਕੋਈ ਗੱਲ ਨਹੀਂ ਅਤੇ ਘਬਰਾਉਣ ਦੀ ਲੋੜ ਨਹੀਂ ।
ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਕਿਹਾ ਕਿ ਜਿੰਨਾਂ ਚਿਰ ਮੈਂ ਤੁਹਾਡੇ ਨਾਲ ਖੜ੍ਹਾ ਹਾਂ, ਤੁਹਾਡੀ ਹਵਾ ਵੱਲ ਵੀ ਕੋਈ ਨਹੀਂ ਵੇਖ ਸਕਦਾ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾ, ਝੂਠ ਮਾਰ ਕੇ ਸਰਕਾਰ ਬਣਾ ਲਈ ਸੀ ਤੇ ਹੁਣ ਇਸ ਆਮ ਆਦਮੀ ਪਾਰਟੀ ਨੇ ਵੀ ਗੁਮਰਾਹ ਕਰਕੇ ਸਰਕਾਰ ਬਣਾ ਲਈ ਪਰ ਇਸ ਦੀ ਵਾਂਗਡੋਰ ਦਿੱਲੀ ਵਾਲਿਆਂ ਦੇ ਹੱਥ ਹੈ। ਇਨ੍ਹਾਂ ਦਿੱਲੀ ਵਾਲਿਆਂ ਨੇ ਪੰਜਾਬ ਦਾ ਕੋਈ ਭਲਾ ਨਹੀਂ ਕਰਨਾ।