ਅੰਮ੍ਰਿਤਪਾਲ ਮਾਮਲੇ 'ਚ 2 ਹੋਰ ਮੋਟਰਸਾਈਕਲ ਬਰਾਮਦ, 11 ਸਾਥੀ ਨਿਆਇਕ ਹਿਰਾਸਤ ਵਿਚ ਭੇਜੇ 

ਏਜੰਸੀ

ਖ਼ਬਰਾਂ, ਪੰਜਾਬ

ਦਾਲਤ ਵੱਲੋਂ ਇਨ੍ਹਾਂ ਨੂੰ 23 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ।

Amritpal Singh

ਜਲੰਧਰ - ਸ਼ਾਹਕੋਟ ਪੁਲਿਸ ਨੇ ਅੱਜ ਅੰਮ੍ਰਿਤਪਾਲ ਦੇ ਮਾਮਲੇ ਵਿਚ 2 ਹੋਰ ਬਾਈਕ ਬਰਾਮਦ ਕੀਤੇ ਹਨ ਤੇ ਇਸ ਮਾਮਲੇ ਵਿਚ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਇੱਕ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਜੋ ਸੀਸੀਟੀਵੀ ਵਿਚ ਦਿਖਾਈ ਦਿੱਤਾ ਸੀ। ਪੁਲਿਸ ਨੇ ਬੁਲੇਟ ਬਾਈਕ ਦੇ ਨਾਲ ਹੀ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਦੂਜੇ ਪਾਸੇ ਲੱਖ ਕੋਸ਼ਿਸ਼ਾਂ ਮਗਰੋਂ ਵੀ ਅੰਮ੍ਰਿਤਪਾਲ ਸਿੰਘ ਪੁਲਿਸ ਦੇ ਹੱਥ ਨਹੀਂ ਆਇਆ।
ਮਿਲੀ ਜਾਣਕਾਰੀ ਅਨੁਸਾਰ ਸ਼ਾਹਕੋਟ ਪੁਲਿਸ ਨੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ। ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਗੁਰਭਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਦਰਜ ਕਰਵਾਈ ਹੈ।

ਸ਼ਿਕਾਇਤਕਰਤਾ ਗੁਰਭਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਬੁਲੇਟ ਮੋਟਰਸਾਈਕਲ 'ਤੇ ਆਏ ਤੇ ਗੰਨ ਪੁਆਇੰਟ 'ਤੇ ਸਪਲੈਂਡਰ ਮੋਟਰਸਾਈਕਲ ਖੋਹ ਲਿਆ ਜਦਕਿ ਉਨ੍ਹਾਂ ਨੇ ਬੁਲੇਟ ਮੋਟਰਸਾਈਕਲ ਮੌਕੇ 'ਤੇ ਹੀ ਸੁੱਟ ਦਿੱਤਾ। ਇਹ ਘਟਨਾ 18 ਮਾਰਚ ਨੂੰ ਸਾਦਿਕਪੁਰ ਭੱਠਾ (ਇੱਟਾਂ ਵਾਲੇ) ਨੇੜੇ ਵਾਪਰੀ ਸੀ।
ਦਰਅਸਲ ਨੰਗਲ ਅੰਬੀਆ ਤੋਂ ਅੰਮ੍ਰਿਤਪਾਲ ਨਾਲ ਸਾਥੀ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਨੇ ਅੱਗੇ ਜਾ ਕੇ ਬੰਦੂਕ ਦੀ ਨੋਕ 'ਤੇ ਕਿਸੇ ਤੋਂ ਸਪਲੈਂਡਰ ਮੋਟਰਸਾਈਕਲ ਖੋਹ ਲਿਆ ਸੀ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਬੁਲੇਟ ਛੱਡ ਕੇ ਦੂਜੀ ਮੋਟਰਸਾਈਕਲ ਤੋਂ ਫਰਾਰ ਹੋ ਗਿਆ ਸੀ। ਜਿਸ ਦੀ ਨਵੀਂ ਤਸਵੀਰ ਅੱਜ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਸ਼ਾਹਕੋਟ ਦੀ ਪੁਲਿਸ ਨੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲਸ ਨੇ ਜਲੰਧਰ ਦੇ ਦਾਰਾਪੁਰ ਤੋਂ ਪਲੈਟੀਨਾ ਬਾਈਕ ਬਰਾਮਦ ਕੀਤੀ ਸੀ।

 ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਅੰਮ੍ਰਿਤਪਾਲ ਸਿੰਘ ਦੇ ਕਰੀਬ 11 ਸਾਥੀਆਂ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਬਾਬਾ ਬਕਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿਥੋਂ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੱਸ ਦਈਏ ਕਿ ਅਦਾਲਤ ਵੱਲੋਂ ਇਨ੍ਹਾਂ ਨੂੰ 23 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ।

ਅੰਮ੍ਰਿਤਪਾਲ ਸਿੰਘ ਦੇ ਇਨ੍ਹਾਂ ਚਾਰ ਸਾਥੀਆਂ ਖਿਲਾਫ਼ 19 ਮਾਰਚ ਨੂੰ ਥਾਣਾ ਖਲਚੀਆਂ ਵਿੱਚ ਐਫਆਈਆਰ ਨੰਬਰ 26 ਦਰਜ ਕੀਤੀ ਗਈ ਸੀ। ਜਿਸ ਵਿੱਚ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਅਤੇ ਸੁਖਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨਾਂ ਦੇ ਅੰਮ੍ਰਿਤਪਾਲ ਸਿੰਘ ਦੇ ਇਨ੍ਹਾਂ ਚਾਰ ਸਾਥੀਆਂ ਨੇ ਉਸ ਨੂੰ ਫਰਾਰ ਹੋਣ ਵਿੱਚ ਸਾਥ ਦਿੱਤਾ ਸੀ। ਪੁਲਿਸ ਨੇ ਅਦਾਲਤ ਵਿਚ ਕਿਹਾ ਕਿ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਬਾਬਾ ਬਕਾਲਾ ਅਦਾਲਤ ਵਲੋਂ 20 ਮਾਰਚ ਨੂੰ ਪੇਸ਼ੀ ਦੌਰਾਨ ਸਾਰਿਆਂ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜਿਆ ਸੀ, ਜਿਨ੍ਹਾਂ ਦਾ ਰਿਮਾਂਡ ਅੱਜ ਪੂਰਾ ਹੋ ਗਿਆ ਸੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਇੰਟਰਨੈੱਟ ਮੀਡੀਆ ਰਾਹੀਂ ਜੱਲੂਪੁਰ ਖੇੜਾ ’ਚ ਆਪਣੇ ਪਰਿਵਾਰ ਦੇ ਸੰਪਰਕ ’ਚ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਹਰਕ੍ਰਿਸ਼ਨ ਸਿੰਘ ਤੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਡੀਐੱਸਪੀ ਪਰਵਿੰਦਰ ਕੌਰ ਮੁਲਜ਼ਮ ਦੇ ਘਰ ਪੁੱਜੇ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ’ਤੇ ਆਤਮ ਸਮਰਪਣ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਬਾਅਦ ਪੁਲਿਸ ਤੇ ਪਰਿਵਾਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਘਰ ’ਚ ਲੱਗੇ ਵਾਈਫਾਈ ਸਿਸਟਮ ਦੀ ਸਾਰੀ ਜਾਣਕਾਰੀ ਲੈ ਲਈ ਹੈ। ਇਸ ਸਬੰਧੀ ਬੈਂਗਲੁਰੂ ਦੀ ਇਕ ਕੰਪਨੀ ਨੂੰ ਈ-ਮੇਲ ਕਰ ਕੇ ਛੇ ਮਹੀਨਿਆਂ ਦਾ ਡਾਟਾ ਮੰਗਿਆ ਗਿਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦਾ ਪਰਿਵਾਰ ਦੇਸ਼-ਵਿਦੇਸ਼ ’ਚ ਕਿਸ ਦੇ ਸੰਪਰਕ ਵਿਚ ਸੀ।

ਇਸ ਹਫ਼ਤੇ ਕੰਪਨੀ ਮੁਲਜ਼ਮ ਤੇ ਉਸ ਦੇ ਪਰਿਵਾਰ ਵੱਲੋਂ ਭੇਜੇ ਗਏ ਡਾਟਾ ਸਬੰਧੀ ਸਾਰੀ ਜਾਣਕਾਰੀ ਪੁਲਿਸ ਨੂੰ ਦੇਵੇਗੀ। ਇਸ ਤੋਂ ਬਾਅਦ ਪੁਲਿਸ ਜਾਂਚ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਖੰਨਾ ਪੁਲਿਸ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਗੋਰਖਾ ਬਾਬਾ ਖੰਨਾ ਦੇ ਥਾਣਾ ਮਲੌਦ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਹੈ। ਹਾਸਲ ਜਾਣਕਾਰੀ ਮੁਤਾਬਕ ਗੋਰਖਾ ਬਾਬਾ ਅਕਸਰ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ। ਉਹ ਅਜਨਾਲਾ ਕਾਂਡ ਵਿੱਚ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ। ਗੋਰਖਾ ਬਾਬਾ ਅੰਮ੍ਰਿਤਪਾਲ ਦਾ ਗਨਮੈਨ ਬਣ ਕੇ ਰਹਿੰਦਾ ਸੀ।
 

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਪਾਇਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਤੇਜਿੰਦਰ ਸਿੰਘ ਕਾਫੀ ਸਮੇਂ ਤੋਂ ਅੰਮ੍ਰਿਤਪਾਲ ਦੇ ਨਾਲ ਉਸ ਦਾ ਗੰਨਮੈਨ ਬਣ ਕੇ ਰਹਿ ਰਿਹਾ ਸੀ ਅਤੇ ਸੋਸ਼ਲ ਮੀਡੀਆ 'ਤੇ ਵੀ ਪੂਰੀ ਤਰ੍ਹਾਂ ਸਰਗਰਮ ਸੀ। ਉਸ ਦੀਆਂ ਹਥਿਆਰਾਂ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਮਲੌਦ ਥਾਣਾ ਵਿਖੇ ਤੇਜਿੰਦਰ ਦੇ ਖ਼ਿਲਾਫ਼ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ।

ਡੀ. ਐੱਸ. ਪੀ. ਨੇ ਦੱਸਿਆ ਕਿ ਤੇਜਿੰਦਰ ਸਿੰਘ ਦੇ ਖ਼ਿਲਾਫ਼ 107 ਅਤੇ 151 ਧਾਰਾ ਅਧੀਨ ਕਾਰਵਾਈ ਕੀਤੀ ਗਈ ਹੈ। ਤੇਜਿੰਦਰ ਦਾ ਸਾਥ ਦੇਣ ਵਾਲੇ 2 ਹੋਰ ਵਿਅਕਤੀ ਵੀ ਹਿਰਾਸਤ 'ਚ ਲਏ ਗਏ ਹਨ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਅਤੇ ਇਕ ਸ਼ਰਾਬ ਤਸਕਰੀ ਦਾ ਮੁਕੱਦਮਾ ਦਰਜ ਹੈ, ਜਿਸ ਦੀ ਉਹ ਸਜ਼ਾ ਭੁਗਤ ਚੁੱਕਾ ਹੈ।