ਬਠਿੰਡਾ 'ਚ ਵਾਪਰੇ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ
ਦਰੱਖ਼ਤਾਂ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 2 ਗੰਭੀਰ ਜ਼ਖ਼ਮੀ
Bathinda Accident News: ਬਠਿੰਡਾ ਦੇ ਮੌੜ ਮੰਡੀ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਇਥੇ ਤਲਵੰਡੀ-ਰਾਮਪੁਰਾ ਰੋਡ 'ਤੇ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਬੀਤੀ ਰਾਤ ਇਕ ਕਾਰ ਦਰੱਖ਼ਤਾਂ ਨਾਲ ਟਕਰਾ ਗਈ। ਹਾਦਸੇ ਵਿਚ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਪ੍ਰੀਤ ਸਿੰਘ (ਧਨੌਲਾ), ਹਰਪ੍ਰੀਤ ਸਿੰਘ (ਮਾਨਸਾ) ਅਤੇ ਗੁਰਸਿਮਰਨ ਸਿੰਘ (ਮਾਨਸਾ) ਵਜੋਂ ਹੋਈ ਹੈ।
ਇਸ ਘਟਨਾ ਸਬੰਧੀ ਸੁਖਵਿੰਦਰ ਸਿੰਘ ਵਾਸੀ ਪੱਤੀ ਭੈਣੀ ਸਾਹਿਬ, ਜ਼ਿਲਾ ਬਰਨਾਲਾ ਨੇ ਥਾਣਾ ਮੌੜ ਦੀ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦਾ ਲੜਕਾ ਬਲਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਅਤੇ ਜਸ਼ਨਦੀਪ ਸਿੰਘ ਨਸ਼ਾ ਛੁਡਾਉ ਸੈਂਟਰ ਰੋੜੀ ਵਿਖੇ ਇਲਾਜ ਅਧੀਨ ਸਨ ਸੁਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸੈਂਟਰ ਦੇ ਮਾਲਕਾਂ ਰਣਜੀਤ ਸਿੰਘ ਉਰਫ਼ ਕਾਲਾ, ਅਰੁਣ ਕੁਮਾਰ ਅਤੇ ਉਨ੍ਹਾਂ ਦੇ ਪਾਰਟਨਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਜ਼ਬਰਦਸਤੀ ਮਜਬੂਰ ਕੀਤਾ ਕਿ ਉਹ ਇਕ ਹੋਰ ਨੌਜਵਾਨ ਅਮਨਦੀਪ ਸਿੰਘ ਨੂੰ ਸੈਂਟਰ ਲਿਆਉਣ ਲਈ ਬਾਹਰ ਜਾਣ।
ਪੀੜਤ ਪਿਤਾ ਅਨੁਸਾਰ ਨੌਜਵਾਨਾਂ ਦੀ ਮਾਨਸਿਕ -ਸਥਿਤੀ ਠੀਕ ਨਾ ਹੋਣ ਦੇ ਬਾਵਜੂਦ ਸੈਂਟਰ ਸੰਚਾਲਕਾਂ ਨੇ ਉਨ੍ਹਾਂ ਨੂੰ ਬਾਹਰ ਭੇਜਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਥਾਣਾ ਮੌੜ ਦੀ ਪੁਲਿਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।