12ਵੀਂ ਦੇ ਨਤੀਜੇ : ਲੁਧਿਆਣਾ ਦੀ ਪੂਜਾ ਜੋਸ਼ੀ ਨੇ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

450 ਵਿਚੋਂ ਹਾਸਲ ਕੀਤੇ 441 ਅੰਕ

Pooja Joshi

ਪੰਜਾਬ ਸਕੂਲ ਸਿਖਿਆ ਬੋਰਡ ਦੀ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਲੁਧਿਆਣਾ ਦੀ ਪੂਜਾ ਜੋਸ਼ੀ ਨੇ ਬਾਜ਼ੀ ਮਾਰੀ ਹੈ। ਦੂਜੇ ਨੰਬਰ 'ਤੇ ਲੁਧਿਆਣਾ ਦਾ ਹੀ ਵਿਵੇਕ ਰਾਜਪੂਤ ਰਿਹਾ ਹੈ ਅਤੇ ਤੀਜਾ ਸਥਾਨ ਮੁਕਤਸਰ ਦੀ ਜਸਨੂਰ ਕੌਰ ਨੇ ਮੱਲਿਆ ਹੈ। ਤਿੰਨਾਂ ਨੇ ਕ੍ਰਮਵਾਰ 450 ਵਿਚੋਂ 441 (98 ਫ਼ੀ ਸਦੀ), 439 (97.55 ਫ਼ੀ ਸਦੀ) ਅਤੇ 438 (97.33 ਫ਼ੀ ਸਦੀ) ਅੰਕ ਹਾਸਲ ਕੀਤੇ ਹਨ। ਪਹਿਲੇ ਦੋ ਸਥਾਨ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਵਿਦਿਆਰਥੀਆਂ ਦੇ ਹਿੱਸੇ ਆਏ ਹਨ। ਤੀਜੇ ਨੰਬਰ 'ਤੇ ਆਉਣ ਵਾਲੀ ਜਸਨੂਰ ਕੌਰ ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰ ਸਕੂਲ, ਬਾਦਲ ਦੀ ਵਿਦਿਆਰਥਣ ਹੈ। ਸਿਖਿਆ ਬੋਰਡ ਦੇ ਬੁਲਾਰੇ ਨੇ ਦਸਿਆ ਸਪੋਰਟਸ ਗਰੁਪ ਵਿਚ ਪਹਿਲਾ ਸਥਾਨ ਲੁਧਿਆਣਾ ਦੀ ਹੀ ਪ੍ਰਾਚੀ ਗੌੜ ਨੇ 450 ਯਾਨੀ 100 ਫ਼ੀ ਸਦੀ ਅੰਕ ਹਾਸਲ ਕਰ ਕੇ ਮੱਲਿਆ ਹੈ।

ਦੂਜੇ ਸਥਾਨ 'ਤੇ ਲੁਧਿਆਣਾ ਦੀ ਹੀ ਪੁਸ਼ਵਿੰਦਰ ਕੌਰ 45 ਅੰਕਾਂ ਨਾਲ ਰਹੀ ਹੈ ਅਤੇ ਤੀਜਾ ਸਥਾਨ ਫ਼ਰੀਦਕੋਟ ਜ਼ਿਲ੍ਹੇ ਦੀ ਮਨਦੀਪ ਕੌਰ ਨੇ 448 ਅੰਕ ਹਾਸਲ ਕਰ ਕੇ ਮੱਲਿਆ ਹੈ। ਇਸ ਵਾਰ ਪ੍ਰੀਖਿਆਰਥੀਆਂ ਦੀ ਗਿਣਤੀ 274532 ਅਤੇ ਓਪਨ ਸਕੂਲ ਦੇ ਪ੍ਰੀਖਿਆਰਥੀਆਂ ਦੀ ਗਿਣਤੀ 25885 ਯਾਨੀ ਕੁਲ 300417 ਸੀ। ਇਨ੍ਹਾਂ ਵਿਚੋਂ ਰੈਗੂਲਰ 187828 ਅਤੇ ਓਪਨ ਸਕੂਲ ਵਾਲੇ 10371 ਯਾਨੀ ਕੁਲ 198199 ਵਿਦਿਆਰਥੀ ਪਾਸ ਹੋਏ ਹਨ। ਕੁਲ ਪਾਸ ਪ੍ਰਤੀਸ਼ਤਤਾ 65.97 ਫ਼ੀ ਸਦੀ ਰਹੀ ਹੈ। ਕੁੜੀਆਂ ਦਾ ਪਾਸ ਫ਼ੀ ਸਦ 78.25 ਹੈ ਜਦਕਿ ਮੁੰਡਿਆਂ ਦਾ ਪਾਸ ਫ਼ੀ ਸਦ 60.46 ਹੈ। ਸੱਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਮੁਕਤਸਰ ਸਾਹਿਬ ਜ਼ਿਲ੍ਹੇ ਦੀ 79.64 ਹੈ ਤੇ ਸੱਭ ਤੋਂ ਘੱਟ ਤਰਨਤਾਰਨ ਜ਼ਿਲ੍ਹੇ ਦੀ 31.60 ਹੈ। 

ਦੇਸ਼ ਭਰ ਵਿਚ ਸੱਭ ਤੋਂ ਪਹਿਲਾਂ ਐਲਾਨਿਆ ਨਤੀਜਾ  ਸਿਖਿਆ ਬੋਰਡ ਵਲੋਂ ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਭਾਰਤ 'ਚ ਸਾਰੇ ਬੋਰਡਾਂ ਨਾਲੋਂ ਪਹਿਲਾਂ ਐਲਾਨਣ ਦੀ ਦੌੜ ਵਿਚ ਵੋਕੇਸ਼ਨਲ ਗਰੁਪ 14314 ਵਿਦਿਆਰਥੀ ਅਤੇ ਮੁੜ ਕਰਵਾਈਆਂ ਗਈਆਂ ਪ੍ਰੀਖਿਆਵਾਂ ਦੇ 3852 ਵਿਦਿਆਰਥੀਆਂ ਦੇ ਨਤੀਜੇ ਤੋਂ ਬਿਨਾਂ ਹੀ ਐਲਾਨ ਦਿਤਾ ਗਿਆ। ਅਕਾਦਮਿਕ ਅਤੇ ਖੇਡ ਕੋਟੇ ਦੇ ਵਿਦਿਆਰਥੀਆਂ ਦੀ ਮੈਰਿਟ ਸੂਚੀ ਵੱਖੋ- ਵਖਰੀ ਘੋਸ਼ਿਤ ਕਰਨ 'ਚ ਭੰਬਲ-ਭੂਸਾ ਪਿਆ ਰਿਹਾ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹਾ ਕਿ ਸਿਖਿਆ ਬੋਰਡ ਵਲੋਂ ਉੱਤਰ ਪੱਤਰੀਆਂ ਦੀ ਮਾਰਕਿੰਗ ਲਈ ਨਵੀਂ ਤਕਨੋਲਜੀ  ਵਰਤੀ ਗਈ। ਸਿਖਿਆ ਬੋਰਡ ਨੇ ਪਿਛਲੇ  ਸਾਲ ਨਾਲੋ 25 ਦਿਨ ਪਹਿਲਾਂ ਅਤੇ ਭਾਰਤ 'ਚ ਸੱਭ ਤੋਂ ਪਹਿਲਾਂ 12ਵੀਂ ਸ਼੍ਰੇਣੀ ਦਾ ਨਤੀਜ਼ਾ ਐਲਾਨਿਆ ਹੈ।